Friday, October 8, 2010

ਗੀਤ

ਆਈ ਨਾ ਨਿਭਾਉਣੀ ਸਾਨੂੰ ਯਾਰੀ ਅਸੀਂ ਲਾ ਬੈਠੇ |

ਸੋਹਲ ਜਿਹੀ ਜਿੰਦੜੀ ਨੂੰ ਦੁਖਾਂ ਵਿਚ ਪਾ ਬੈਠੇ |

ਕਦੇ ਤੋਂ ਨਾਰਾਜ਼ ਹੋਇਆ ਕਦੇ ਮੈਂ ਸੀ ਰੁੱਸ ਗਿਆ,

ਮੌਸਮ ਵਸਲ ਵਾਲਾ ਇੰਝ ਸਾਥੋਂ ਖੁੱਸ ਗਿਆ,

ਧੋਖਾ ਇੱਕ ਦੂਜੇ ਤੋਂ ਨਹੀਂ ਖੁਦ ਤੋਂ ਹੀ ਖਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ.............

ਬਿਪਤਾ 'ਚ ਹਿੱਕ ਡਾਹਕੇ ਖੜਨ ਦੇ ਵਾਅਦੇ ਕੀਤੇ,

ਤੋੜ ਨਾ ਨਿਭਾਏ ਬੂਹੇ ਹਿੰਮਤ ਤੇ ਭੀੜ ਲੀਤੇ,

ਤੂੰ ਤੂੰ ਮੈਂ ਮੈਂ ਹੋਏ ਅਸੀਂ ਦੁਨੀਆਂ ਹਸਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ.............

ਆਖਦੇ ਸਿਆਣੇ ਸਚ ਵਸਦਾ ਹੈ ਰੂਹ ਨੇੜੇ,

ਅਸੀਂ ਦੋਵੇਂ ਖੜੇ ਰਹੇ ਹਉਮੈਂ ਦੇ ਖੂਹ ਨੇੜੇ,

ਤਾਹੀਓਂ ਸਾਹਵੇਂ ਇਸ਼ਕ ਦੇ ਰੁਤਬਾ ਘਟਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ..............

ਸੌਦੇ ਤਕਦੀਰਾਂ ਦੇ ਨੇ ਮਨ ਸਮਝਾਉਨੇ ਆਂ,

ਆਪਣੀਆਂ ਘਾਟਾਂ ਉੱਤੇ ਧੂੜ ਬਸ ਪਾਉਨੇ ਆਂ,

ਝੂਠਾ "ਗਿੱਲ" ਕਹੇ ਦੂਰੀ ਲੇਖਾਂ ਚ ਲਿਖ ਬੈਠੇ |

ਆਈ ਨਾ ਨਿਭਾਉਣੀ ਸਾਨੂੰ................

No comments:

Post a Comment