Wednesday, June 9, 2010

ਅੱਖਾਂ ਅੱਖਾਂ ਵਿੱਚ (ਗੀਤ)

ਅੱਖਾਂ ਅੱਖਾਂ ਵਿੱਚ ਵਟ ਗਏ ਦਿਲ,
ਮੂੰਹੋਂ ਅਸੀਂ ਬੋਲੇ ਵੀ ਨਹੀਂ |
ਅੱਖਾਂ ਅੱਖਾਂ ਵਿੱਚ ਵਟ ਗਏ ਦਿਲ........................

ਨਹੀਂ ਜਾਣਦੀ ਸਾਂ ਜਿਹਨੂੰ, ਅੱਜ ਉਹ ਹੈ ਮੇਰਾ ਮੀਤ,
ਹੁਣ ਸੁਰ ਹੋਇਆ ਲੱਗੇ, ਮੇਰੀ ਜ਼ਿੰਦਗੀ ਦਾ ਗੀਤ,
ਹੋਇਆ ਵੈਰੀ ਏ ਜ਼ਮਾਨਾ ਸਾਰਾ,
ਅਸੀਂ ਭੋਰਾ ਡੋਲੇ ਵੀ ਨਹੀਂ |
ਅੱਖਾਂ ਅੱਖਾਂ ਵਿੱਚ ਵਟ ਗਏ ਦਿਲ........................

ਦੇਖ ਸੱਜਣਾ ਦਾ ਮੁੱਖ, ਆਵੇ ਮਨ ਤਾਈਂ ਚੈਨ,
ਦਿਨੇ ਰਹੇ ਨੈਣਾਂ ਵਿੱਚ, ਬੀਤੇ ਸੁਪਨੇ 'ਚ ਰੈਣ,
ਲੱਗੇ ਨਾਲ ਬੈਠਾ ਉਹ ਪਲ-ਛਿੰਨ,
ਭਾਵੇਂ ਮੇਰੇ ਕੋਲੇ ਵੀ ਨਹੀਂ |
ਅੱਖਾਂ ਅੱਖਾਂ ਵਿੱਚ ਵਟ ਗਏ ਦਿਲ........................

ਗੀਤਾਂ ਦਾ ਜਮਾਲ ਉਹ, ਕਵੀ ਦਾ ਖਿਆਲ ਐ,
ਪਿਆਰ ਉਹਦਾ ਹੁਣ ਮੇਰੀ, ਜਿੰਦ ਦਾ ਸੁਆਲ ਐ,
ਦੁੱਧ ਨੀਰ ਵਾਂਗ ਅਸੀਂ ਇੱਕ ਹੋਏ,
ਕਿਸੇ ਆਕੇ ਘੋਲੇ ਵੀ ਨਹੀਂ
ਅੱਖਾਂ ਅੱਖਾਂ ਵਿੱਚ ਵਟ ਗਏ ਦਿਲ........................

ਖ਼ਤ ਆਇਆ ਮਾਹੀ ਵਾਲਾ, ਨਿਰਾ ਟਹਿਕਦਾ ਗੁਲਾਬ,
ਹਰ ਲਫ਼ਜ਼ 'ਚ ਲੱਗੇ, ਜਿਵੇਂ ਘੁਲੀ ਏ ਸ਼ਰਾਬ,
ਪੁੱਛੇ ਪਿਆਰ ਕੀ ਏ 'ਗਿੱਲ' ਕਿੱਦਾਂ ਹੋਵੇ
ਐਨਾ ਤਾਂ ਉਹ ਭੋਲੇ ਵੀ ਨਹੀਂ
ਅੱਖਾਂ ਅੱਖਾਂ ਵਿੱਚ ਵਟ ਗਏ ਦਿਲ........................

ਬੰਸਰੀ

ਬਾਂਸ ਦੀ ਪੋਗਰੀ ਜਦ ਹੋ ਗਈ ਬੰਸਰੀ ।
ਜੰਗਲ ਦੇ ਗਲ ਲੱਗ ਰੋ ਪਈ ਬੰਸਰੀ ।

ਗੀਤਾਂ ਦੇ ਨੈਣਾਂ ਚੋਂ ਰਾਗ ਸਾਰੇ ਖੋ ਗਏ,
ਆਪਣੇ ਘਰ ਨੂੰ ਮੁੜ ਜੋ ਗਈ ਬੰਸਰੀ ।

ਦਰਦ ਉਸ ਕਿੰਨੇ ਹੀ ਜ਼ਬਤ ਕੀਤੇ ਹੋਣੇ,
ਫੂਕੀ ਜਦ ਮੈਂ ਤਾਂ ਚੋਅ ਗਈ ਬੰਸਰੀ ।

ਠੱਗਾਂ ਦੇ ਘਰ ਜਾਂ ਚੁਗਲੀਆਂ ਗਲੀ 'ਚ,
ਚਾਕ ਕੀ ਦੱਸੇ ਕਿਥੇ ਖੋ ਗਈ ਬੰਸਰੀ ।

ਆਪ ਹੁਦਰੀ ਨੂੰ ਨਾਹੀਂ ਮੋੜ ਸਕੇ ਕੁਈ,
ਮੇਰੀ 'ਵਾਜ਼ ਸੁਣ ਕਿਉਂ ਖਲੋ ਗਈ ਬੰਸਰੀ ।

ਹਮਦਰਦ ਸੀ ਜੋ ਨਫਰਤ ਦੇ ਪਿੱਛੇ ਲੱਗ,
'ਗਿੱਲ' ਦੇ ਦਿਲ ਨੂੰ ਕੋਹ ਗਈ ਬੰਸਰੀ ।

ਤੂੰ ਸੋਚ

ਕਦੇ ਸੋਚਾਂਗਾ,
ਕਦੇ ਪਰਖਾਂਗਾ
ਅਜ਼ਮਾਵਾਂਗਾ
ਕਦੇ ਹਰਖਾਂਗਾ,
ਹਾਲੇ ਤੇ ਮੈਨੂੰ
ਮੇਰੀ ਇੱਕ ਗਰਾਹੀ ਤੋਂ
ਵਿਹਲ ਨਹੀਂ ਮਿਲਦੀ....
ਕਦੇ ਤਿਰੀ ਮੰਜ਼ਿਲ ਨੂੰ
ਛੋਹਲਾਂਗਾ,
ਤੂੰ ਕੀ ਚਾਹੁਨੈ ਮੈਂ
ਪੋਹਲਾਂਗਾ,
ਕਦੇ ਆਪਨੇ ਪੰਨੇ ਵੀ
ਖੋਹਲਾਂਗਾ
ਹਾਲੇ ਤੇ ਤੇਰੇ ਦਸਤਾਵੇਜ਼ਾਂ ਦੀ
ਮਕਾਰੀ ਤੋਂ
ਵਿਹਲ ਨਹੀਂ ਮਿਲਦੀ....
ਕੀ ਸੋਚਾਂਗਾ,
ਕੀ ਲੋਚਾਂਗਾ,
ਤੇਰਾ ਵਾਰ ਮੈਂ
ਕਿਸ ਥਾਂ ਬੋਚਾਂਗਾ,
ਹਾਲੇ ਤੇਰੇ ਸੋਚਣ ਵਾਰੀ ਹੈ...

ਨਾਂ


ਕਦੀ ਕਦੀ
ਨਹੀਂ
ਬਹੁਤ ਵੇਰਾਂ
ਮੈਂ ਇਕੱਲਵਾਂਜੇ
ਖੁਦ ਨੂੰ ਸੁਆਲ ਕਰਦਾ ਹਾਂ ।
ਪਾਗਲਾਂ ਦੇ ਵਾਂਕਣ
ਗੱਲਾਂ
ਆਪਣੇ ਨਾਲ ਕਰਦਾ ਹਾਂ ।
ਗੱਲਾਂ ਗੱਲਾਂ ਵਿੱਚ
ਗੱਲ ਏਨੀ ਦੂਰ ਨਿੱਕਲ ਜਾਂਦੀ ਹੈ,
ਸ਼ੁਰੂਆਤ
ਕਿਉਂ ਤੇ ਕਿਵੇਂ ਹੋਈ
ਸਾਰੀ ਗੱਲ-ਕੱਥ ਭੁੱਲ ਜਾਂਦੀ ਹੈ ।
ਹਾਲੇ ਹੀ
ਮੁੜ ਤੋਂ ਫਿਰ
ਉਠਿਆ ਇਹ ਝੱਲ ਸੀ,
ਖੌਰੇ ਕੇਹਾ
ਕੁਲਹਿਣਾ ਪਲ ਸੀ ।
ਖੁਦ ਨੂੰ ਹੀ
ਆਪਣਾ ਨਾਂ ਪੁੱਛ ਲਿਆ,
ਤੁਸੀਂ ਯਕੀਨ ਨਾ ਕਰੋਗੇ
ਕਿੱਡਾ
ਸਿਆਪਾ ਗਲ ਪਿਆ ।
ਹੁਣ ਤੀਕ ਵੀ ਮੈਨੂੰ
ਇਸ ਦਾ
ਉੱਤਰ ਥਿਆਇਆ ਨਹੀਂ,
ਇੱਕ ਚੱਕਰ 'ਚ ਘੁੰਮ ਰਿਹਾਂ
ਕੋਈ ਸਿਰਾ ਹੱਥ ਆਇਆ ਨਹੀ ।
ਮੇਰੇ ਇਹ ਲਫਜ਼
ਕਿਸੇ ਝੱਲੇ ਦੀ
ਮਗਜ਼ ਮਾਰੀ ਜਾਣ
ਭੁੱਲ ਜਾਇਓ,
ਭੁੱਲ ਕੇ ਵੀ
ਆਪਣੇ ਆਪ ਨੂੰ
ਅਜਿਹਾ ਸੁਆਲ ਨਾ ਪਾਇਓ ।

ਮਾਂ ਦੇ ਗਹਿਣੇ


ਗਲ ਵਿੱਚ ਕੰਠਾ ਕੰਨੀ ਨੱਤੀਆਂ ਪਹਿਨਣ ਦਾ |
ਸਮਾਂ ਕਿਥੇ ਹੈ ਵਾਂਗ ਨਚਾਰਾਂ ਨੱਚਣ ਦਾ |

ਗਹਿਣੇ ਨੇ ਮੇਰੀ ਮਾਂ ਦੇ ਗਹਿਣੇ ਮੁੱਦਤ ਤੋਂ,
ਚੇਤਾ ਵੀ ਨਹੀਂ ਝਾਂਜਰ ਚੂੜੀ ਛਣਕਣ ਦਾ |

ਪੋਟਾ ਪੋਟਾ ਰਿਸ਼ਵਤ ਖੋਰੀ ਟੁੱਕ ਦਿੱਤਾ,
ਹੁਕਮ ਨਹੀਂ ਪਰ ਮੇਰੇ ਪੰਜਾਬ ਨੂੰ ਵਿਲਕਣ ਦਾ |

ਚੁੱਪ ਕਰੋ ਤੁਸੀਂ ਪਿੰਜਰੇ ਦੇ ਵਿੱਚ ਕੈਦ ਹਾਲੇ,
ਕੋਈ ਮਜ਼ਾ ਨਹੀਂ ਯਾਰ ਪਰਿੰਦਿਓ ਚਹਿਕਣ ਦਾ |

ਵਿਦਰੋਹੀ ਮੇਰੇ ਲਫਜ਼ਾਂ ਨੂੰ ਤਮਗੇ ਕਿੱਥੇ,
ਬਣੂ ਸਬੱਬ ਕਦੇ ਹਿੱਕ 'ਚ ਗੋਲੀ ਲਿਸ਼ਕਣ ਦਾ |

ਗਿੱਲ ਤਾਂ ਕਾਗਜ਼ ਤੇ ਅੰਗਾਰੇ ਚਿਣਦਾ ਹੈ,
ਵੱਲ ਨਾ ਉਹਨੂੰ ਆਵੇ ਬਹਿਰ 'ਚ ਲਿਖਣ ਦਾ |