Friday, October 8, 2010

ਗੀਤ

ਪਥਰਾਂ ਦੇ ਸ਼ਹਿਰ ਵਿਚ ਬਿਰਖਾਂ ਦੀ ਛਾਂ ਲੱਭਾਂ

ਲਗਦਾ ਏ ਯਾਰੋ ਮੈਂ ਤੇ ਝੱਲਾ ਹੋ ਗਿਆ ਹਾਂ |

ਮਿਲਿਆ ਨਾ ਮੀਤ ਕੋਈ ਜਿਸ ਦੇ ਮਖੌਟਾ ਨਾਹੀਂ,

ਨਾਤਿਆਂ ਦੀ ਭੀੜ ਵਿਚ ਕੱਲਾ ਹੋ ਗਿਆ ਹਾਂ |

ਸੁਖਾਂ ਦੀ ਜੇ ਚਾਹ ਮੈਨੂੰ ਉਹ ਵੀ ਤਾਂ ਚਾਹੰਵਦੇ ਨੇ,

ਇਸ ਵਿਚ ਦੱਸੋ ਏ ਗੁਨਾਹ ਕਿਸ ਬੰਦੇ ਦਾ,

ਆਉਧ ਸਾਰੀ ਸੋਚਦਾ ਰਿਹਾ ਖੁਦ ਨੂੰ ਖਰੋਚਦਾ ਰਿਹਾ,

ਮਿਲਿਆ ਨਾ ਠਾਉਰ ਮੈਨੂੰ ਹਾਲੇ ਇਸ ਧੰਦੇ ਦਾ,

ਕਿਹੋ ਜਿਹੇ ਮਨੁਖ ਅਸੀਂ ਕੇਹੀ ਇਹ ਦੁਨੀਆਂ ਹੈ,

ਦੇਖ ਇਹਨੂੰ ਮੈਂ ਅਵੱਲਾ ਹੋ ਗਿਆ ਹਾਂ........ ਮਿਲਿਆ ਨਾ ਮੀਤ

ਮੇਰੀਆਂ ਮੁਹਬਤਾਂ ਦੇ ਪੰਨਿਆਂ ਦੇ ਉੱਤੇ ਧੱਬੇ,

ਕਿਸੇ ਨਾਲ ਕੀਤੀਆਂ ਵਫਾਵਾਂ ਦੇ ਗਵਾਹ ਨਹੀਂ,

ਬੇ-ਵਫਾਈ ਯਾਰਾਂ ਦੀ ਜੇ ਮੇਰੇ ਹਿੱਸੇ ਆ ਗਈ ਏ ,

ਫੇਰ ਇਸ ਵਿਚ ਮੇਰੇ ਯਾਰਾਂ ਦਾ ਗੁਨਾਹ ਨਹੀਂ,

ਵਗਦੇ ਵਰੋਲਿਆਂ ਦਾ ਵਰ੍ਹਦੇ ਹੋਏ ਓਲ੍ਹਿਆਂ ਦਾ,

ਲਗਦੈ ਮੈਂ ਤੇ ਮੌਸਮ ਕਲੱਲਾ ਹੋ ਗਿਆ ਹਾਂ.......ਮਿਲਿਆ ਨਾ ਮੀਤ

ਰਾਂਝੇ ਨੇ ਜੇ ਵੱਗ ਚਾਰੇ, ਹੀਰ ਨੇ ਵੀ ਚੂਰੀ ਕੁੱਟੀ,

ਫ਼ਰਜ਼ਾਂ ਦੇ ਵਿਚ ਤਾਂ ਸੀ ਦੋਵੇਂ ਸਾਬਤ ਰਹੇ,

ਕੈਦੋਂ ਅਤੇ ਖੇੜੇ ਵੀ ਤਾਂ ਥਾਓਂ ਥਾਈਂ ਸਹੀ,

ਬਣਕੇ ਸਬੂਤ ਇਹ ਆਦਮ ਆਦਤ ਰਹੇ,

ਗੋਰਖ ਵੀ ਚੰਗਾ ਰਾਂਝਾ ਉਹਦੇ ਰੰਗੀਂ ਰੰਗਾ

ਜਿਥੇ ਹੋਇਆ ਯੋਗ ਉਹ ਟੱਲਾ ਹੋ ਗਿਆ ਹਾਂ .....ਮਿਲਿਆ ਨਾ ਮੀਤ

ਖਿਆਲਾਂ ਦੀ ਰਵਾਨੀ ਵਿਚ ਲਫਜਾਂ ਦੇ ਮਾਅਨੇ ਕੀ ਨੇ

ਗ਼ਜ਼ਲ ਜਾਂ ਗੀਤ ਵਿਚ ਹੁੰਦਾ ਕੀ ਫ਼ਰਕ ਹੈ,

ਦੋਵੇਂ ਹੀ ਤਾਂ ਦਰਦ ਦੀ ਕੁਖੋਂ ਜੰਮੇ ਭੈਣ ਭਾਈ

ਅੱਡੋ-ਅੱਡ ਸੋਚ ਲੈਣਾ ਮਗ੍ਜ਼ੀ ਠਰਕ ਹੈ,

"ਨੀਰਵ" ਕਹਾਉਂਦਾ ਰਿਹਾ ਸਭ ਤੋਂ ਛੁਪਾਉਂਦਾ ਰਿਹਾ

ਵਿਚੇ ਵਿਚ ਜ਼ਖਮ ਇੱਕ ਅੱਲਾ ਹੋ ਗਿਆ ਹਾਂ.......... ਮਿਲਿਆ ਨਾ ਮੀਤ

No comments:

Post a Comment