Wednesday, March 31, 2010

ਊਟ-ਪਟਾਂਗ

ਹਰ ਗੱਲ ਹਰ ਕਿਤੇ
ਨਹੀਂ ਕਹੀ ਜਾ ਸਕਦੀ,
ਤੁਹਾਡੀ ਗੱਲ ਤੁਸਾਂ ਤੇ ਹੀ
ਕੜਛੀ (?) ਹੈ ਲਾ ਸਕਦੀ ।
ਤੁਸੀਂ ਗਧੇ ਵਾਂਗ
ਕਿਤੇ ਵੀ ਉਆਂ-ਉਆਂ ਨਹੀਂ ਕਰ ਸਕਦੇ,
ਹਰ ਬਨੇਰੇ ਤੇ ਬੈਠ ਕੇ
ਕਾਂ-ਕਾਂ ਨਹੀਂ ਕਰ ਸਕਦੇ ।
ਤੁਸੀਂ ਆਦਮੀਂ ਹੋ
ਤੁਹਾਡੀ ਇਹ ਆਜਾਦੀ ਨਹੀਂ
ਮਜ਼ਬੂਰੀ ਹੈ,
ਤੁਹਾਡੇ ਹਰੇਕ ਕਥਨ ਵਿੱਚ
ਸਲੀਕਾ ਤੇ ਅਰਥ ਜ਼ਰੂਰੀ ਹੈ ।
ਨਾ ਕਰਿਓ ਰਿਸ਼ਤਿਆਂ ਦੀ ਗੱਲ
ਭਿੰਡੀ ਬਾਜ਼ਾਰ ਵਿੱਚ,
ਕੋਈ ਵੀ ਸੱਚ
ਨਾ ਉਕਰਿਓ
ਇਸ਼ਤਿਹਾਰ ਵਿੱਚ ।
ਇਹ ਇਨਸਾਨਾਂ ਦੀ ਬਸਤੀ ਹੈ
ਕੋਈ ਬੀਆਬਾਨ......? ਜੀ ਨਹੀਂ,
ਜਿੱਥੇ ਬੰਦਿਸ਼ਾਂ ਦੇ ਬਿਨਾਂ
ਕੋਈ ਭਗਵਾਨ ਵੀ ਨਹੀਂ ।
ਤੁਸੀਂ ਜੋ ਵੀ ਆਖਣੈ
ਪੂੂੂੂੂੂੂਰਾ
ਨਾਪ-ਤੋਲ ਕੇ ਆਖਿਓ,
...............
ਜਰਾ ਗੌਰ ਫਰਮਾਇਓ
ਇਹਨਾਂ ਗੱਲਾਂ ਤੇ ਆਕਿਓ ।
*ਤੰਬੀ ਪਜ਼ਾਮਾ ਹੋ ਸਕਦੀ ਹੈ
ਛੋਟਾ ਭਾਈ ਵੀ,
*ਮੂਨ ਇੱਕ ਜਾਨਵਰ ਵੀ
ਹੈ ਚੰਦ ਵੀ,
ਕਿਸੇ ਭਾਸ਼ਾ ਦਾ ਅੰਕ
ਤਿਹਾਈ (ਤਿੰਨ) ਵੀ ।
ਮਾਫ ਕਰਿਓ
ਮੈਨੂੰ ਲਗਦੈ
ਮੈਂ ਆਪਣੇ ਮੂੰਹੋਂ
ਵਾਂ-ਵਾਂ ਜਾਂ ਕਾਂ ਕਾਂ
ਕੱਢ ਰਿਹਾਂ,
ਆਦਮੀਂ ਦੀ ਤਰਾਂ
ਬੋਲਣਾ ਸਿੱਖਾਂਗਾ
ਬਾਕੀ ਫਿਰ ਲਿੱਖਾਂਗਾ,
ਅੱਜ ਵਾਲਾ
ਊਟ-ਪਟਾਂਗ
ਅਧੂਰਾ ਹੀ ਛੱਡ ਰਿਹਾਂ ।
..................
*ਤੰਬੀ = ਪਜ਼ਾਮਾ (ਪੰਜਾਬੀ), ਛੋਟਾ ਭਾਈ (ਤਮਿਲ)
*ਮੂਨ = ਜਾਨਵਰ ਦਾ ਨਾਂ (ਪੰਜਾਬੀ),ਚੰਦ (ਅੰਗਰੇਜ਼ੀ), ਤਿੰਨ (ਤਮਿਲ)

Thursday, March 11, 2010

ਯਾਰੀ ਅਸੀਂ ਲਾ ਬੈਠੇ (ਗੀਤ)


ਆਈ ਨਾ ਨਿਭਾਉਣੀ ਸਾਨੂੰ ਯਾਰੀ ਅਸੀਂ ਲਾ ਬੈਠੇ
ਸੋਹਲ ਜਿਹੀ ਜਿੰਦੜੀ ਨੂੰ ਦੁੱਖਾਂ ਵਿੱਚ ਪਾ ਬੈਠੇ ।

ਕਦੇ ਤੂੰ ਨਾਰਾਜ਼ ਹੋਇਆ ਕਦੇ ਮੈਂ ਸੀ ਰੁੱਸ ਗਿਆ,
ਮੌਸਮ ਵਸਲ ਵਾਲਾ ਇੰਝ ਸਾਥੋਂ ਖੁੱਸ ਗਿਆ,
ਧੋਖਾ ਇੱਕ ਦੂਜੇ ਤੋਂ ਨਹੀਂ ਖੁਦ ਤੋਂ ਹੀ ਖਾ ਬੈਠੇ.........
ਆਈ ਨਾ ਨਿਭਾਉਣੀ ਸਾਨੂੰ...............

ਚਾਨਣੀਆਂ ਰਾਤਾਂ ਵਿੱਚ ਮਿਲਣ ਦੇ ਵਾਅਦੇ ਕੀਤੇ,
ਤੋੜ ਨਾ ਨਿਭਾਏ ਬੂਹੇ ਹਿੰਮਤ ਦੇ ਭੇੜ ਲੀਤੇ,
ਹਿਜ਼ਰ ਦੇ ਫੱਟ ਇੰਝ ਸੀਨੇ ਉੱਤੇ ਖਾ ਬੈਠੇ.....
ਆਈ ਨਾ ਨਿਭਾਉਣੀ ਸਾਨੂੰ...............

ਆਖਦੇ ਸਿਆਣੇ ਰੱਬ ਵਸਦਾ ਏ ਰੂਹ ਨੇੜੇ,
ਅਸੀਂ ਦੋਵੇਂ ਖੜੇ ਰਹੇ ਜਿਸਮਾਂ ਦੀ ਜੂਹ ਨੇੜੇ,
ਤਾਹਿਉਂ ਸਾਹਵੇਂ ਇਸ਼ਕ ਦੇ ਰੁਤਵਾ ਘਟਾ ਬੈਠੇ
ਆਈ ਨਾ ਨਿਭਾਉਣੀ ਸਾਨੂੰ .......................

ਨਾ ਕਰ ਯਾਰ

ਕਿਸੇ ਦੀ ਦੁਖਦੀ ਰਗ 'ਤੇ ਹੱਥ ਧਰ ਹੱਸਿਆ ਨਾ ਕਰ ਯਾਰ ।
ਹੋਛ-ਪੁਣੇ ਵਿੱਚ ਦਿਲ ਦੀ ਹਰ ਗੱਲ ਦੱਸਿਆ ਨਾ ਕਰ ਯਾਰ ।
ਉਹ ਪਤੰਦਰ ਪਤਾ ਨੀ ਕਿਹੜਾ ਵਿੰਗ-ਵਲ ਪਾ ਕੇ ਟੱਕਰੂ,
ਜਿਉਂਦਾ ਰਹਿ ਪਰ ਕਾਲ ਦੇ ਕੋਲੋਂ ਨੱਸਿਆ ਨਾ ਕਰ ਯਾਰ ।
ਤੇਰੇ ਨਾਲ ਹੀ ਮੇਰੇ ਘਰ ਵਿੱਚ ਰੁੱਤ ਬਹਾਰ ਦੀ ਪਰਤੇ,
ਹਾੜਾ ਵੇ ਹਾੜਾ ਮੈਥੋਂ ਦੂਰ ਤੂੰ ਵਸਿਆ ਨਾ ਕਰ ਯਾਰ ।
ਚੁੱਭ ਜਾਂਦੀ ਏ ਨਛਤਰ ਤੋਂ ਵੀ ਗਹਿਰਾ ਜ਼ਖਮ ਕਰੇਂਦੀ,
ਆਨੀ- ਬਹਾਨੀ ਕਿਸੇ ਤੇ ਤੰਜ ਤੂੰ ਕਸਿਆ ਨਾ ਕਰ ਯਾਰ ।
ਕਾਲਿਓਂ ਚਿੱਟੇ ਹੋ ਗਏ ਪਰ ਤੈਨੂੰ ਹਾਲੇ ਅਕਲ ਨਾ ਆਈ,
ਗੱਲ ਭੋਰਾ ਤੇ ਵਾਂਗ ਤੰਦੂਰ ਤੂੰ ਤਪਿਆ ਨਾ ਕਰ ਯਾਰ ।
ਕੀ ਧਰਵਾਸਾ ਕਿਹੜੇ ਵੇਲੇ ਘੁੱਗੂ ਜਾ ਰੁੱਸ ਜਾਣਾ,
ਚੰਗਾ ਕੋਈ ਵੀ ਕੰਮ ਬਕਾਇਆ ਰੱਖਿਆ ਨਾ ਕਰ ਯਾਰ ।

ਦੁਆ

ਬੇ-ਜ਼ੁਬਾਂ ਮੁਹੱਬਤ ਹੈ, ਜ਼ੁਬਾਨ ਨਜ਼ਰ ਆਉਂਦੀ ਏ,
ਯਾ ਖੁਦਾ ਇਹ ਸਿਲਸਿਲਾ ਤਾ ਉਮਰ ਚਲਦਾ ਰਹੇ ।
ਮੇਰਾ ਹੱਥ ਤੇਰੇ ਹੱਥ ਹੋਵੇ, ਹੋਵੇ ਇੱਕ ਖਾਹਿਸ਼ ਬਾਕੀ,
ਬੰਦਾ ਤਿਰੀ ਦੀਦੋਂ ਪਹਿਲਾਂ ਨਿਆਸਰਾ ਲਭਦਾ ਰਹੇ ।
ਤੇਰੇ ਵਿਯੋਗ ਵਿੱਚ ਸੱਜਣ ਬੜੇ ਕਰਿਸ਼ਮੇਂ ਦੇਖੀਦੇ,
ਰੇਸ਼ਮੀਂ ਬਿਸਤਰ ਵੀ ਸਾਨੂੰ ਕੰਡਿਆਂ ਜਿਉਂ ਚੁਭਦਾ ਰਹੇ ।
ਹਰਫਾਂ ਨੂੰ ਮੇਰੇ ਮਾਲਕਾ ਮੇਰੇ ਅੰਗ ਸੰਗ ਹੀ ਰੱਖ ਸਦਾ,
ਦਿਲ ਦੀ ਗੱਲ ਕਹਿਣ ਦਾ ਕੋਈ ਰਾਸਤਾ ਬਣਦਾ ਰਹੇ ।

ਅਰਥ


ਅਰਥਾਂ ਦੇ
ਬਾਰੇ
ਆਪਣੇ ਬਜ਼ੁਰਗ
ਦਾਦੇ ਨੂੰ ਪੁੱਛਿਆ ਤਾਂ ਉਸ ਕਿਹਾ
ਅਰਥ
ਕਿਹੜੇ ਖੇਤਾਂ ਦੀ ਫਸਲ ਹੁੰਦੇ ਨੇ
ਕਿਹੜੀ ਰੁੱਤੇ ਬੀਜੀਦੇ ਨੇ
ਕਿਹੜੀ ਰੁੱਤੇ ਕੱਟੀਦੇ ਨੇ
ਜੇ ਦੋ ਡੰਗ ਦੀ ਰੋਟੀ ਸੌਖੀ ਜੁੜ ਜਾਊ
ਤੇਰੀ ਪੜਾਈ ਲਈ
ਤੇ ਸ਼ਾਹਾਂ ਤੋਂ ਲਿਆ ਕਰਜ਼ਾ ਮੁੜ ਜਾਊ
ਤਾਂ ਤੇ ਆਪਾਂ ਵੀ ਬੀਜ ਲੈਂਦੇ ਆਂ
ਮੈਂ ਫਿਲਾਸਫੀ ਦੀ ਕਿਤਾਬ
ਚਲਦੇ ਖਾਲ 'ਚ ਵਗਾਹ ਮਾਰੀ ਐ
ਅੱਜ ਕੱਲ ਮੇਰੀ ਲਫਜ਼ਾਂ ਤੋਂ ਵੱਧ
ਖੇਤਾਂ ਦੇ ਨਾਲ ਯਾਰੀ ਐ ।

ਮੈਂ (Ego) ਨੂੰ ਸੰਬੋਧਿਤ ਚੰਦ ਅਲਫਾਜ਼



ਤੂੰ ਉਕਸਾਵਾ ਦੇ ਰਹੀਂ ਏਂ
ਮੈਂ ਕੁਛ ਕਰ ਜਾਵਾਂ
ਸਾਰੀਆਂ ਨਹੀਂ ਤਾਂ ਕੋਈ ਤਾਂ
ਬਾਜ਼ੀ ਕਰ ਸਰ ਜਾਵਾਂ,
ਚਲ ਕੁਛ ਦੇਰ ਲਈ
ਤੇਰੇ ਪਿੱਛੇ ਵੀ ਲਗਦੇ ਆਂ,
ਚਲੋ ਪਤਾ ਤੇ ਲੱਗੇਗਾ
ਕਿਹੜੇ ਵਹਿਣ 'ਚ ਵਗਦੇ ਆਂ ।
ਤੂੰ ਡਾਕਟਰ, ਮਾਸਟਰ ਹੋਣ ਦੇ
ਬੜੇ ਸੁਪਨੇ ਦਿਖਾਏ ਨੇ
ਮੈਂ ਬਣ ਨਹੀਂ ਸਕਿਆ
ਮੇਰਾ ਮਾਸਟਰ ਮੇਰੇ ਯਾਦ ਸੀ,
ਜੋ ਬਚਪਨ ਚ ਮੈਂਨੂੰ
ਕੇਹੀ ਕੋਝੀ ਹਰਕਤ ਕਰਨ ਲਈ
ਕਰਦਾ ਫਰਿਆਦ ਸੀ ।
ਡਾਕਟਰ ਬਨਣ ਤੋਂ ਵੀ ਮੇਰਾ
ਸਰਨ ਲੱਗਿਆ,
ਜਦ ਤੋਂ ਉਹ ਚੁਣਿਂਦਾ
ਗਰਭ ਪਾਤ ਕਰਨ ਲੱਗਿਆ ।
ਫਿਰ ਤੂੰ ਕਿਹਾ ਚਲ ਨੇਤਾ ਬਣ ਜਾ,
ਵੋਟਾਂ ਸਿਰ ਤੇ ਨੇ
ਬਿਨ ਸੋਚੇ ਠਣ ਜਾ ।
ਮੈਨੂੰ ਆਪਣੇ ਨੇਤਾਵਾਂ ਦੀ
ਯਾਦ ਆ ਜਾਂਦੀ ਐ ।
ਜੋ ਤੇਰੀ ਦਿੱਤੀ ਹਵਾ ਨੂੰ
ਰੋਟੀ ਸਮਝ ਕੇ
ਖਾ ਜਾਂਦੀ ਐ ।
ਅੱਜ ਤੇਰੀ ਸਲਾਹ
ਮੈਨੂੰ ਭਰਮਾ ਗਈ ਹੈ,
ਤੁੱਕ-ਬੰਦ ਤੋਂ ਕਵੀ ਹੋਣ ਦਾ
ਚਸਕਾ ਲਾ ਗਈ ਹੈ ।

ਤੂੰ ਸਮਝ

ਤੂੰ ਸਮਝ
ਮੈਂ ਅਨਭੋਲ ਸਾਂ
ਮੂੰਹ 'ਚ ਬੋਲ ਨਹੀਂ ਸੀ,
ਮੇਰਾ ਕੋਈ ਵੀ ਸੰਦ
ਮੇਰੇ ਕੋਲ ਨਹੀਂ ਸੀ ।
ਸਭ ਕੁਛ ਹੁੰਦਿਆਂ ਹੋਇਆ ਵੀ
ਨਾਕਾਰਾ ਸਾਂ,
ਮੈਂ ਤੈਂ ਸਾਹਵੇਂ ਵਿਚਾਰਾ ਸਾਂ ।
ਕੁੰਭਕਰਨੀ ਨੀਂਦ
ਮਸੀਂ ਟੁੱਟੀ ਏ,
ਤੂੰ ਸਮਝ
ਤੇਰੀ ਕਿਸਮਤ ਫੁੱਟੀ ਏ ।
ਕਿਸਮਤ
ਜਿਸ ਦਾ ਸਹਾਰਾ ਲੈ
ਤੂੰ ਬੜਾ ਸਮਝਾਇਆ,
ਪਰ ਮੇਰੇ ਹੁਣ
ਖਾਨੇ 'ਚ ਆਇਆ ।
ਹੁਣ ਤੇਰਾ ਕੀਤਾ
ਸਭ ਖੁੱਲ ਗਿਆ ਏ,
ਸਮਝ ਲੈ
ਤੇਰਾ ਸਮਝਾਇਆ
ਸਾਨੂੰ ਭੁੱਲ ਗਿਆ ਏ ।
ਸਾਨੂੰ ਸਮਝ ਪੈ ਗਈ ਏ
ਗਰੀਬਾਂ ਲਈ
ਦਿੱਤੀਆਂ ਸਕੀਮਾਂ ਦੀ ।
ਧਰਮ ਦੇ ਨਾਂ 'ਤੇ
ਘੋਲ ਕੇ ਦਿੱਤੀਆਂ ਅਫੀਮਾਂ ਦੀ ।
ਤੂੰ ਸਮਝ ਲੈ
ਸਮਝਣ ਦੀ ਤੇਰੀ ਵਾਰੀ ਐ ।
ਫਿਰ ਤੋਂ ਇੱਕ ਵਾਰ
ਇੱਕ ਵਾਰ ਫਿਰ ਤੋਂ,
ਆਜ਼ਾਦੀ ਦਾ ਪਰਚਮ
ਝੁੱਲਣ ਦੀ ਤਿਆਰੀ ਐ..................