Wednesday, July 29, 2009

ਚਰਖਾ

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

ਪਤਾ ਨਹੀਂ ਕਦ ਟੁੱਟ ਜਾਵੇ ਮਾਹਲ ਸਾਹਾਂ ਵਾਲੀ,

ਘਸ-ਘਸ ਉਠੇ ਪਏ ਨੇ ਲੂੰ

ਪਿਆਰ ਵਾਲੀ ਡੋਰ ਨੂੰ ਮੈਂ ਵਟ ਚਾੜ ਵਫਾ ਵਾਲਾ,

ਦਿਲ ਵਾਲੇ ਫੱਟਾਂ ਵਾਲੀ ਕਸਣ ਬਣਾਇਆ ਸੀ,

ਤਿੜ ਗਏ ਨੇ ਫੱਟ ਸਾਰੇ ਢਿੱਲੀ ਪਈ ਕਸਣ ਹੋਈ,

ਖੁਸ਼ੀ ਦੀ ਰਹੀ ਨਾ ਘੂੰ-ਘੂੰ ....................

ਲਾਰਿਆਂ ਦਾ ਤੇਲ ਮੁੱਕਾ ਵਾਅਦਿਆਂ ਦੇ ਮੁੰਨੇ ਹਿੱਲੇ,

ਵਸਲ ਮਝੇਰੂ ਟੁੱਟਾ ਹਾਲੇ ਵੀ ਏ ਚੱਲੀ ਜਾਂਦਾ,

ਹੱਥੜਾ ਸਰੀਰ ਗੁੱਝ ਜਿੰਦ ਕਮਜ਼ੋਰ ਦੋਵੇਂ

ਚਲਦੇ ਕਰਨ ਚੂੰ-ਚੂੰ ......................

ਗੁੱਡੀਆਂ ਪਰੀਤ ਦੀਆਂ ਹਾਲੇ ਨਹੀਓਂ ਹੱਲੀਆਂ,

ਆਸ ਨਾਂ ਦੇ ਤੱਕਲੇ ਨੂੰ ਭਾਵੇਂ ਵਲ਼ ਪੈ ਚੱਲੇ,

ਯਾਦ ਤੇਰੀ ਵਿੱਚ 'ਗਿੱਲ' ਬੈਠੀ ਹਾਲੇ ਕੱਤੀ ਜਾਵਾਂ,

ਹੌਲੀ-ਹੌਲੀ ਤੋਰ ਏਸ ਨੂੰ..........................

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

ਬੁੱਕਲ ਦੇ ਵਿੱਚ

ਬੁੱਕਲ ਦੇ ਵਿੱਚ ਅੱਗ ਲੁਕਾਈ ਬੈਠੇ ਆਂ

ਕੀ ਪਤੈ ਉਹਨੂੰ ਕੀ ਬਣਾਈ ਬੈਠੇ ਆਂ

ਯਾਰਾਂ ਦੀ ਬਸਤੀ 'ਚੋਂ ਕਦ ਤੋਂ ਰੁਸਬਾ ਹੋ,

ਖੰਡਰਾਂ ਦੇ ਵਿੱਚ ਮਹਿਫਿਲ ਲਾਈ ਬੈਠੇ ਆਂ

ਕਹਿਣਾ ਸੀ ਜੋ ਕਹਿਣੋਂ ਪਹਿਲਾਂ ਕਹਿ ਗਿਆ ਉਹ,

ਉਹਦੇ ਦੁਖੜੇ ਸਿਰ 'ਤੇ ਚਾਈ ਬੈਠੇ ਆਂ

ਝੱਖੜ ਤਾਂ ਝੁੱਲੇ ਪਰ ਝੱਲੀ ਝੱਲ ਗਈ,

ਜਿਹੜੀ ਲੋਅ ਨਾਲ ਦਿਲ ਰੁਸ਼ਨਾਈ ਬੈਠੇ ਆਂ

ਮਿਲਣ ਦਿਨਾਂ ਨੂੰ ਧੂਹ ਕੇ ਨੇੜੇ ਕਰ ਲਾਂਗੇ,

ਜਾਗ ਦੀ ਕੁੰਡੀ ਰਾਤ ਨੂੰ ਪਾਈ ਬੈਠੇ ਆਂ

ਮਾਰ ਹੀ ਦੇਣੈ ਆਖਿਰ ਇਹ ਤਾਂ ਹੈ ਪਤਾ,

ਗੋਡਿਆਂ ਹੇਠਾਂ ਮੌਤ ਨੂੰ ਢਾਈ ਬੈਠੇ ਆਂ

'ਗਿੱਲ' ਨੇ ਦਰ ਤੇ ਪਹਿਰੇ ਸਖਤ ਬਿਠਾਏ ਸੀ

ਤੇਰੇ ਲਈ ਪਰ ਸੰਨ ਲਗਾਈ ਬੈਠੇ ਆਂ

.......................

ਆ ਜਾਵੇ ਕਿਤੇ ਤੂ ਦਿਲ ਦਿਆ ਮਹਿਰਮਾ ਵੇ,

ਤੇਰੇ ਲਈ ਸੱਜ ਚਾਈਂ-ਚਾਈਂ ਬੈਠੇ ਹਾਂ

ਕਰੀ ਨਾ ਦੇਰੀ ’ਗਿੱਲ’ ਦੇ ਹੰਝੂ ਪੁੰਝ ਜਾਈਂ,

ਤੇਰੀ ਖਾਤਿਰ ਖੁਦਾ ਰੁਸਾਈ ਬੈਠੇ ਹਾਂ

(Present by Dost Khushwant)

ਬੁੱਤ ਲਾਵਾਂਗੇ

ਤੇਰੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਅਸੀਂ ਲਗਾਵਾਂਗੇ

ਪਰ ਸ਼ਰਤ ਹੈ ਇਹ ਕਿ ਪਹਿਲਾਂ ਤੈਨੂੰ ਫਾਂਸੀ 'ਤੇ ਲਟਕਾਵਾਂਗੇ

ਚੂਹੇ ਸਾਡੀ ਜਨਤਾ ਪਿਆਰੀ, ਬਿੱਲੀ ਸਾਡੀ ਨੌਕਰ ਹੈ,

ਜਨਤਾ ਨੂੰ ਨੌਕਰ ਤੋਂ, ਨੌਕਰ ਕੁੱਤਿਆਂ ਤੋਂ ਮਰਵਾਵਾਂਗੇ

ਕੁਛ ਸ਼ੇਅਰਾਂ ਦੀ ਦਾਦ 'ਚ ਕਰਗੇ, ਭੇਟਾ ਉਹ ਗੁਲਦਸਤਾ ਜੋ,

ਲਿਖਣਾ ਛੱਡ ਕੇ ਸੋਚ ਰਹੇ ਹਾਂ, ਕੁੱਲੀ 'ਚ ਕਿੱਥੇ ਟਿਕਾਵਾਂਗੇ

ਭਗਤ ਸਿੰਘ ਦੀ ਸੋਚ ਮੁਤਾਬਿਕ ਜੇ ਆਜ਼ਾਦੀ ਨਹੀਂ ਮਿਲੀ,

ਨੇਤਾ ਆਖਣ ਤੁਸੀਂ ਵੀ ਮਰਜੋ, ਥੋਡੇ ਵੀ ਬੁੱਤ ਲਾਵਾਂਗੇ

ਸਿਰ ਦਿੱਤਿਆਂ ਸਿਰਦਾਰੀ ਮਿਲਦੀ ਹੈ ਤਾਂ ਸਿਰ ਦਿਓ ਲੈਕਚਰ ਨਹੀਂ,

ਸਾਨੂੰ ਤਾਂ ਮਨਜ਼ੂਰ ਅਸੀਂ ਤਾਂ ਸੇਵਕ ਹੀ ਅਖਵਾਵਾਂਗੇ

ਕਿਰਤੀ ਹਾਂ ਸਾਡੇ ਬੱਚਿਆਂ ਤੀਕਰ ਰੋਟੀ ਪੂਰੀ ਪੁਜਦੀ ਨਹੀਂ,

ਦਸਵਾਂ ਹਿੱਸਾ ਕਿਥੋਂ ਲਿਆਕੇ ਲੰਗਰਾਂ ਦੇ ਵਿੱਚ ਪਾਵਾਂਗੇ

'ਗਿੱਲਾ' ਤੇਰੀ ਲਗਦੈ ਲੱਗ ਗਈ ਨੇੜੇ ਤਾਂ ਹੀ ਸੱਚ ਲਿਖਦੈਂ,

ਸੋਹਣਾ ਮਰਸੀਆ ਤੇਰੇ ਲਈ ਕਿਸੇ ਸ਼ਾਇਰ ਤੋਂ ਲਿਖਵਾਵਾਂਗੇ

ਇਤਰਾਜ਼

ਨਹੀਂ ਇਤਰਾਜ਼
ਜਦ ਕੋਈ
ਕਣਕ ਨੂੰ ਸੋਨਾ ਆਖਦੈ,
ਚਲੋ ਸੋਨੇ ਦੀ ਕੀਮਤ
ਘਟਦੀ ਹੈ
ਬੁਰਕੀ ਦੀ ਕੀਮਤ
ਵਧਦੀ ਹੈ
ਨਹੀਂ ਇਤਰਾਜ਼
ਜਦ ਕੋਈ
ਲਾਰਿਆਂ ਦਾ ਚੋਗਾ
ਪਾਉਂਦਾ ਹੈ,
ਸੱਚੀ ਨਾ ਸਹੀ
ਜ਼ਿੰਦਗੀ ਲਈ
ਝੂਠੀ ਆਸ ਤਾਂ
ਬੰਨਾਉਂਦਾ ਹੈ
ਬਸ ਇਕੋ
ਸਿਰਫ ਇਕੋ
ਗੱਲ 'ਤੇ ਇਤਰਾਜ ਹੈ
ਜਦ ਕੋਈ ਆਖਦੈ
ਕਿ
ਇਹ ਲੋਕਰਾਜ ਹੈ

ਜ਼ਿੰਦਗੀ

ਮੈਂ ਨਹੀਂ ਹੋ ਸਕਦਾ

ਤੇਰੇ ਖਿਆਲਾਂ ਦੇ ਮੇਚ ਦਾ

ਤੇਰੇ

ਤਾਂ ਹੱਥ 'ਚ ਹੈ

ਖਿਆਲਾਂ ਦਾ ਕੱਦ ਘਟਾ

ਅਸ਼ਚਰਜ

ਮਾਅਨੇ ਨੇ ਜ਼ਿੰਦਗੀ ਦੇ

ਸੁਰ ਤੋਂ ਹੋ ਸ਼ੁਰੂ

ਹੋ ਗਈ ਬੰਸਰੀ,

ਬੰਸਰੀ ਬਣਕੇ ਰਹੀ

ਸੁਰਾਂ ਨੂੰ ਜਗਾ

ਮੇਰੇ ਦੇਸ਼ ਵਿੱਚ

ਵਿੱਕ ਰਿਹੈ ਇਖ਼ਲਾਕ ਮੇਰੇ ਦੇਸ਼ ਵਿੱਚ

ਹਰ ਮਾਨਸ ਗ਼ਮਨਾਕ ਮੇਰੇ ਦੇਸ਼ ਵਿੱਚ

ਮਿਲਦੀਆਂ ਤਿੰਨ ਸ਼ੈਆਂ ਹਰ ਇਕ ਰਾਹ ਉੱਤੇ,

ਨੰਗ, ਗਰੀਬੀ ਖਾਕ ਮੇਰੇ ਦੇਸ਼ ਵਿੱਚ

ਸ਼ਿਵ-ਦਿਵਾਲੇ ਦੀਆਂ ਮੂਰਤਾਂ ਦੁੱਧ ਪੀਵਣ,

ਬੰਦਾ ਕਟਦੈ ਫਾਕ ਮੇਰੇ ਦੇਸ਼ ਵਿੱਚ

ਡਿਗਰੀਆਂ ਨੂੰ ਸਾਂਭ ਕੇ ਘਰੀਂ ਟਰੰਕਾਂ ਵਿੱਚ,

ਗੱਭਰੂ ਰਲਦੇ ਚਾਕ ਮੇਰੇ ਦੇਸ਼ ਵਿੱਚ

ਕੁੱਤੀ ਚੋਰ ਨੂੰ ਦੇਖ ਕੇ ਪੂਛ ਹਿਲਾਉਂਦੀ ਹੈ,

ਐਸਾ ਹੈ ਇਤਫਾਕ ਮੇਰੇ ਦੇਸ਼ ਵਿੱਚ

ਮਦਰ ਟਰੇਸਾ ਕੋਈ ਵੀ ਹੈ ਬਣ ਸਕਦਾ,

ਐਨੇ ਰੁਲਣ ਜੁਆਕ ਮੇਰੇ ਦੇਸ਼ ਵਿੱਚ

ਰੋਟੀ ਬਾਬਤ ਚੁੱਪ ਰੱਬ ਦੇ ਬਾਰੇ 'ਗਿੱਲ'

ਮਿਲੇ ਜੁਆਬ ਪਟਾਕ ਮੇਰੇ ਦੇਸ਼ ਵਿੱਚ

ਸੱਚ

ਤੂੰ ਤੇ ਬੜਾ ਰੋਕਿਆ ਸੀ ਮੈਂ ਹੀ ਸਾਂ ਗੁਮਾਨ ਵਿੱਚ

ਤਾਹੀਂ ਅੱਜ ਕੱਲਾ-ਕੱਲਾ ਭਰੇ ਹੋਏ ਜਹਾਨ ਵਿੱਚ

ਘਰਾਂ ਵਿੱਚ ਕੈਕਟਸ ਰੱਖੇ ਨੇ ਸਜਾ ਕੇ ਲੋਕਾਂ,

ਕਿੰਨੇ ਸੋਹਣੇ ਫੁੱਲ ਹੁਣ ਖਿੜੇ ਸਮਸ਼ਾਨ ਵਿੱਚ

ਤੱਕੜੀ ਤੇ ਹੱਥ ਦੋਵੇਂ ਪਾਸਕ ਸ਼ਿਕਾਰ ਨੇ,

ਫ਼ਰਕ ਨਾ ਰੱਤੀ ਹਾਥੀ ਕਮਲ ਕਮਾਨ ਵਿੱਚ

ਖੁਸ਼-ਰੰਗ ਸ਼ਿਅਰ ਤੇ ਗ਼ਮ ਭਰੇ ਗੀਤ ਵੀ ਨੇ,

ਤੂੰ ਕੀ ਲੈਣਾ ਲੈ ਲੈ ਵੈਸੇ ਸਭ ਹੈ ਦੁਕਾਨ ਵਿੱਚ

ਮਾਨਸ ਦੀ ਜ਼ਾਤ ਇੱਕੋ ਆਖਦੇ ਜੋ ਉਹਨਾਂ ਦੇ,

ਕੱਪੜੇ ਨੇ ਦੇਵਤੇ ਦੇ ਵਸਦੈ ਸ਼ੈਤਾਨ ਵਿੱਚ

ਰਾਮ ਤੇ ਵੇਦਾਂਤੀ ਤਾਂ ਤਖਤਾਂ ਤੇ ਚੜੇ ਰਹਿਣੇ,

ਮਰ ਜਾਣੈ ਲੋਕਾਂ ਇਸ ਮਜ਼ਹਬੀ ਘਾਣ ਵਿੱਚ

ਕਾਹਤੋਂ 'ਇਕਬਾਲ' ਸੱਚ ਆਖਕੇ ਸਹੇੜ ਲਈ,

ਹੋਰ ਬਲਾ, ਪਹਿਲਾਂ ਹੀ ਨਾ ਜਾਣ ਨਾ ਪਰਾਣ ਵਿੱਚ

ਕੀ ਹੋਊ ?

ਅਹਿਸਾਸਾਂ ਦਾ ਸਿਲਸਿਲਾ ਜੇ ਰੁਕ ਗਿਆ ਤਾਂ ਕੀ ਹੋਊ ?

ਮੇਰੇ ਦਿਲ 'ਚੋਂ ਦਰਦੇ-ਗਮ ਜੇ ਮੁੱਕ ਗਿਆ ਤਾਂ ਕੀ ਹੋਊ ?

ਅਹਿ ਨੂੰ ਐਨਾਂ ਉਹ ਨੂੰ ਓਦਾਂ ਲੁਟਣਾ ਤੂੰ ਠਾਣਿਐਂ,

ਯਾਦ ਰੱਖ ਜੇ ਗੇੜ ਉਲਟਾ ਘੁਕ ਗਿਆ ਤਾਂ ਕੀ ਹੋਊ ?

ਹਰ ਜ਼ਨਾਜਾ ਦੇਖ ਕੇ ਹੋ ਜਾਂਦੀ ਜਾਹਿਰ ਬਾਤ ਹੈ,

ਮੇਰੇ ਅੰਦਰ ਵਗ ਰਿਹਾ ਸਾਹ ਉਕ ਗਿਆ ਤਾਂ ਕੀ ਹੋਊ ?

ਬੱਚਿਆਂ ਆਂਗੂੰ ਤਿਤਲੀਆਂ ਦੇ ਪਿੱਛੇ ਕਾਸ਼ ਮੈਂ ਭੱਜਦਾ,

ਨਾ ਸੋਚਦਾ ਗੁਲ ਟਹਿਕਦੇ ਤੱਕ, ਸੁੱਕ ਗਿਆ ਤਾਂ ਕੀ ਹੋਊ ?

ਵਾਰਿਸ ਸ਼ਾਹ ਵੀ ਅਪਣਾ ਕਿੱਸਾ ਲਿਖਦਾ ਹੋਊ ਸੋਚਦਾ,

ਖੇੜਿਆਂ ਥਾਵੇਂ ਰਾਂਝਾ ਸਿਆਲੀਂ ਢੁਕ ਗਿਆ ਤਾਂ ਕੀ ਹੋਊ ?

ਅਹਿਦੀ ਮੰਜੀ ਠੋਕਣੀ ਮੈਂ ਉਹਦੀ ਮੰਜੀ ਠੋਕਣੀ,

ਸੋਚ 'ਗਿੱਲ' ਤੇਰਾ ਖੁਦ ਦਾ ਮੰਜਾ ਠੁਕ ਗਿਆ ਤਾਂ ਕੀ ਹੋਊ ?

ਆਈਨਾ ਹੈ ਧੁੰਦਲਾ ਜਾਂ........

ਆਈਨਾ ਹੈ ਧੁੰਦਲਾ ਜਾਂ ਨਜ਼ਰ ਮੇਰੀ ਕਮਜ਼ੋਰ ਹੈ

ਮੈਂ ਖ਼ੁਦ ਨੂੰ ਸੱਜਣ ਸਮਝਦਾਂ, ਦਿਖ ਰਿਹਾ ਇੱਕ ਚੋਰ ਹੈ

ਆ ਰਿਹਾ ਹੈ ਕੌਣ ਹੁਣ ਤਾਂ ਦੱਸਦੇ ਮੇਰੇ ਦਿਲ ਮੈਨੂੰ,ਤੈਂ

ਖ਼ੁਦ ਨੂੰ ਝਾੜਨ ਪੂਝਣੇ ਤੇ ਲਾਇਆ ਏਨ ਜ਼ੋਰ ਹੈ

ਦੁਆ ਕਰੇ ਨਾ ਪੰਚਾਲੀ ਤੇ ਨਾ ਹੀ ਕੱਜ ਉਸਦਾ ਵਧੇ,

ਇੱਕ ਗੋਪੀ ਸੰਗ ਸੌ ਘਨੱਈਆ ਸਮੇਂ ਦੀ ਬਦਲੀ ਤੋਰ ਹੈ

ਉਸਨੇ ਕਿਹਾ ਜਦ ਪਿਆਸ ਲੱਗੀ ਹੈ ਤਾਂ ਬੱਦਲ ਵਰ ਗਏ,

ਦੇਖਦਾ ਕਿਵੇਂ ਮੇਰਾ ਮਨ ਜੋ ਪੈਲਾਂ ਪਾਉਂਦਾ ਮੋਰ ਹੈ

ਮਰ ਗਏ ਸਭ ਖ਼ੋਜਦੇ ਥਾਹ ਨਾ ਪਈ ਨਾ ਪੈ ਸਕੇ,

ਆਹ ਅੱਖਾਂ ਸਾਹਵੇਂ ਦਿਖ ਰਿਹਾ ਜੋ ਕੁਛ ਨਹੀਂ ਗਾਂਹ ਹੋਰ ਹੈ

ਨੋਟਾਂ ਦਾ ਪੂਜਕ ਨਹੀਂ ਹਾਂ ਸ਼ਾਇਦ ਇਹੀ ਵਜਾਹ ਹੋਵੇ

ਚੂਹੇ ਦਾ ਮੇਰੇ ਦਾਣਿਆਂ ਨਾਲ ਮੁੱਢ ਤੋਂ ਹੀ ਜੋ ਖੋਰ ਹੈ

ਹੁਣੇ ਕਿਹਾ ਤੂੰ ਪੱਤਾ ਵੀ ਨਾ ਹਿੱਲ ਸਕੇ ਉਹਦੇ ਹੁਕਮ ਬਿਨ,

ਇਹ ਕਰ ਦੂੰਗਾ ਔਹ ਕਰ ਦੂੰਗਾ ਕਾਹਤੋਂ ਪਾਇਆ ਸ਼ੋਰ ਹੈ

ਤਰਾਸ਼ ਅਣਘੜ ਪੱਥਰ ਥੀਂ ਜੋ ਪੈਦਾ ਕਰਦਾ ਦੇਵਤੇ,

ਵਿੰਨਿਆਂ ਉਹਨੂੰ ਥੁੜਾਂ ਦੇ ਦੈਂਤਾਂ ਕਾਹਤੋਂ ਪੋਰ ਪੋਰ ਹੈ

ਦੇਵੀ ਦੇ ਸ਼ਰਧਾਲੂਆਂ ਦੇ ਮੇਰੇ ਦੇਸ਼ ਮਹਾਨ ਵਿੱਚ,

ਨਾਰ ਦੀ ਅਸਮਤ ਨਾਲੋਂ ਮਹਿੰਗਾ ਝਾਂਜਰ ਦਾ ਇਕ ਬੋਰ ਹੈ

ਬਕਦਾ ਰਹਿੰਦੈ ਬੇ-ਵਜਾਹ ਹੀ ਬੇ-ਵਕਤ ਉਹ ਬੇ-ਅਰਥ,

ਸੋਫੀ-ਸੂਫੀ ਕਿਥੇ ਹੋਣੈ ਗਿੱਲ ਨੂੰ ਚੜੀ ਕੋਈ ਲੋਰ ਹੈ

ਆਸ-ਸਲਫਾਸ

ਆਦਮੀਂ ਹਾਂ ਮੈਂ ਫ਼ਰਿਸ਼ਤਾ ਨਹੀਂ ਮੈਨੂੰ ਅਹਿਸਾਸ ਹੈ
ਅੰਬਰ ਨੂੰ ਹੇਠਾਂ ਲਾਹ ਲਵਾਂਗਾ ਫਿਰ ਵੀ ਮੈਨੂੰ ਆਸ ਹੈ

ਆਖਦੇ ਕੁਛ ਬਦ-ਗੁਮਾਂ ਕੁਝ ਆਖਦੇ ਨੇ ਵਹਿਬਤੀ,
ਮੇਰਿਆਂ ਕਦਮਾਂ 'ਚ ਕੁਛ ਕੂ ਅੱਥਰਾ ਉਲਾਸ ਹੈ

ਜੋ ਕਰਨਗੇ ਸੋ ਭਰਨਗੇ ਲਫ਼ਜ਼ਾਂ ਦਾ ਬਸ ਜਾਲ ਏ,
ਕੁੱਲੀਆਂ ਵਿੱਚ ਨੇ ਦੇਵਤਾ ਤੇ ਆਸਣੀਂ ਬਦਮਾਸ਼ ਹੈ

ਡੇਅਰੀਆਂ ਨੇ ਲੈ ਲਈ ਵੱਗਾਂ ਤੇ ਬੇਲਿਆਂ ਦੀ ਥਾਂ,
ਹੁੰਦਾ ਅੱਜ-ਕੱਲ ਹੋਟਲਾਂ 'ਚ ਹੀਰ-ਰਾਂਝਾ ਰਾਸ ਹੈ

ਕਣਕ ਸਾਰੀ ਖਾ ਲਈ ਕੁਛ ਭਾਈ ਜੀ ਕੁਛ ਵਹੀ ਨੇ,
ਲੈ ਖੇਤਾਂ ਦੇ ਰਾਜਿਆ ਤੇਰੇ ਖਾਣ ਲਈ ਸਲਫਾਸ ਹੈ

ਫੁਲਾਂ ਨੇ ਸੁਣਿਆਂ ਖਾ ਲੈਣੀ ਏਂ ਅੱਜ ਰਾਤੀਂ ਸਾਈਨੈਡ,
ਗਿੱਲ ਕੱਲ ਸ਼ਹੀਦੀ ਦਿਵਸ ਉੱਤੇ ਨੇਤਾ ਦਾ ਇਜ਼ਲਾਸ ਹੈ

Thursday, July 2, 2009

ਰੋਜ਼ਗਾਰ ਗਰੰਟੀ

ਬਿਸਤਰ 'ਚੋਂ ਉਠਣਾ

ਕੀਰਤਨ ਸੋਹਿਲਾ ਪੜਦੇ ਹੱਡਾਂ ਨਾਲ

ਹੱਥ-ਮੂੰਹ ਧੋਣਾ

ਬੁੜਬੜਾਉਣਾ ਕਿਉਂ ਆਇਆ ਸਿਆਲ

ਜਾਣਾ ਨਜ਼ਰ ਦਾ

ਪਾਟੇ ਜੁਬੜਾਂ ਵੱਲ ਆਪਣੇ-ਆਪ

ਤੱਕਣਾ

ਭੁੱਖ ਨਾਲ

ਹੱਡੀਆਂ ਦੀ ਮੁੱਠ ਹੋਏ ਮਾਂ-ਬਾਪ

ਬਿਨ ਖਾਧੇ-ਪੀਤੇ,

ਤੁਰ ਪੈਣਾ

ਮਜ਼ਦੂਰਾਂ ਦੀ ਮੰਡੀ

ਜਾ ਬਹਿਣਾ

ਡਿਗਰੀਆਂ ਦੇ ਢੇਰ ਚੁੱਕੀ

ਦਫਤਰਾਂ 'ਚ ਧੱਕੇ ਖਾਂਦੇ ਵੀਰੋ

ਆਖਣ ਨੂੰ ਇਸ ਦੇਸ਼ ਦੀ

ਅਸਲ ਤਕਦੀਰੋ

ਜੇ ਤੁਹਾਨੂੰ ਅੱਧ-ਸੁਤਿਆਂ ਨੂੰ,

ਨਹੀਂ ਡਰਾਉਂਦਾ ਇਹ ਮੰਜ਼ਰ

ਤਾਂ ਸ਼ਾਇਦ ਤੁਸੀਂ ਨਹੀਂ ਦੇਖ ਰਹੇ

ਵਰਤਮਾਨ ਦੀ ਧੌਣ 'ਤੇ

ਲਟਕਿਆ

ਭਵਿੱਖ ਦਾ ਇਹ ਖੰਜ਼ਰ

ਜੇ ਹਾਲੇ ਵੀ ਸੋਚਦੇ ਓ

ਤੁਹਾਡੀਆਂ ਡਿਗਰੀਆਂ

ਨੋਟ ਤੇ ਸਪੋਟ ਤੋਂ ਮਹਿੰਗੀਆਂ ਨੇ

ਤਾਂ ਜਾਣ ਲਓ

ਤੁਸੀਂ ਵੀ ਬਹੁਤਿਆਂ ਵਾਂਗ

ਇੱਕ ਹੋਰ ਸ਼ਰਵਣ ਹੋ

ਜਿਨਾਂ ਦੇ ਮੋਢੀਂ,

ਮਾਂ-ਬਾਪ ਦੀਆਂ ਵਹਿੰਗੀਆਂ ਨੇ

ਮੌਕੇ ਦਾ ਰਾਜਾ

ਅਜਿਹਾ ਨਿਸ਼ਾਨਾ ਮਾਰੇਗਾ

ਭੁੱਖ-ਤੇਹ ਭੁੱਲ

ਬੁੱਢਾ ਜੋੜਾ

ਪੁੱਤਰ-ਪੁੱਤਰ ਪੁਕਾਰੇਗਾ

ਕਦੇ ਇਸ ਘਰ

ਕਦੇ ਉਸ ਘਰ

ਸ਼ਰਵਣ ਦੀ ਲਾਸ਼ ਆਵੇਗੀ

ਦਰਬਾਰਾਂ ਵਿੱਚ

ਇਨਾਂ ਕਤਲਾਂ ਦੀ

ਹਰ ਫਾਇਲ ਦੱਬੀ ਜਾਵੇਗੀ

ਜੋ ਬਚਣਗੇ

ਮਿਲਾਂ ਦੇ ਮਾਲਕਾਂ

ਹਿੱਕਣੈਂ ਉਹਨਾਂ ਨੂੰ

ਜਿਉਂ ਅਸੀਂ ਹਿੱਕਦੇ ਸਾਂ ਕਦੇ ਢੱਗੇ

ਸੋਚੋ ਵਿਚਾਰੋ

ਇਸ ਤੋਂ ਪਹਿਲਾਂ,

ਇਨਕਲਾਬੀ ਝੰਡੇ

ਬਣ ਨਾ ਜਾਣ

ਸਾਡੀ ਗੁਲਾਮ ਵਰਦੀ ਦੇ ਝੱਗੇ