Friday, October 8, 2010

ਜੰਜੀਰੀਦਾਰ ਗ਼ਜ਼ਲ

ਗਾਇਕਾਂ ਖਰੀਦ ਲਈ ਸੋਹਣੀ ਕਾਰ ਕੋਠੀ ਵੀ,

ਵੇਚੀਆਂ ਜੋ ਚਲ ਉਹਨਾਂ ਸ਼ਰਮਾਂ ਨੂੰ ਰੋਵੀਏ |


ਸ਼ਰਮਾਂ ਵਾਲੇ ਹੋ ਰਹੇ ਨੇ ਦੇਖ ਦੇਖ ਸ਼ਰਮਿੰਦਾ,

ਝੂਠੀ ਸ਼ਾਨ ਦੇ ਗਵਾਹ ਭਰਮਾਂ ਨੂੰ ਰੋਵੀਏ |


ਭਰਮਾਂ ਨੇ ਨਾਸ਼ ਕੀਤਾ ਬੀਜ਼ ਨੇਕ-ਚਲਣੀ ਦਾ,

ਬਣ ਗਏ ਕੁਚਾਲਾਂ ਐਸੇ ਚਲਣਾਂ ਨੂੰ ਰੋਵੀਏ |


ਚਲਣਾਂ ਨੇ ਖੋਹਿਆ ਖੰਨਾ-ਟੁੱਕ ਮੇਰੇ ਹਿਸੇ ਦਾ,

ਲਗੀਆਂ ਸਮਾਜ ਨੂੰ ਜੋ ਮਰਜਾਂ ਨੂੰ ਰੋਵੀਏ |


ਮਰਜਾਂ ਘਟਾਉਣ ਥਾਵੇਂ ਦਿਨੋ-ਦਿਨ ਜੋ ਵਧਾਣ,

ਵੈਦਾਂ ਦੀਆਂ ਵੱਡੀਆਂ ਉਹ ਗਰਜਾਂ ਨੂੰ ਰੋਵੀਏ |


ਗਰਜਾਂ ਦੇ ਹੇਠ ਜਿਹੜੇ ਪਿਸ ਚੂਰ ਚੂਰ ਹੋਏ,

ਐਨੇ ਕਮਜ਼ੋਰ ਨੇ ਜੋ ਫ਼ਰਜ਼ਾਂ ਨੂੰ ਰੋਵੀਏ |


ਫ਼ਰਜ਼ਾਂ ਦੇ ਲਈ ਸਦਾ ਚੜੇ ਸੂਲੀ ਡਰੇ ਨਾ,

ਅੱਜ ਦੇ ਜੋ ਡਰਦੇ ਨੇ ਆਸ਼ਿਕ਼ਾਂ ਨੂੰ ਰੋਵੀਏ |


ਆਸ਼ਕਾਂ ਨੇ ਕੰਮ ਛੱਡੇ ਰੋਣ-ਧੋਣ ਬਿਨਾਂ ਸਾਰੇ,

ਤਲੀ ਸਿਰ ਧਾਰਨ ਦੀਆਂ ਸ਼ਰਤਾਂ ਨੂੰ ਰੋਵੀਏ |


ਸ਼ਰਤਾਂ ਨੇ ਬੀਤੇ ਦੀ ਕੋਈ ਗੱਲ ਇਕਬਾਲ ਸਿੰਘਾ,

ਭੁੱਲ ਜਮੀਂ ਬਣ ਬੈਠੇ ਅਰਸ਼ਾਂ ਨੂੰ ਰੋਵੀਏ |


ਅਰਸ਼ਾਂ 'ਚ ਉਡਣ ਦੀ ਖਾਹਿਸ਼ ਨੇ ਅੰਗ ਤੋੜੇ,
ਜਿਥੇ ਮੂਧੇ-ਮੂੰਹ ਹਾਂ ਡਿੱਗੇ ਫਰਸ਼ਾਂ ਨੂੰ ਰੋਵੀਏ |

ਫਰਸ਼ਾਂ ਦੇ ਵੱਲ ਨਾ ਨਜ਼ਰ ਕਰ ਤੁਰੇ ਕਦੇ,
ਹੋਏ ਬੈਠੇ ਲੰਙੇ ਹੁਣ ਕਰਮਾਂ ਨੂੰ ਰੋਵੀਏ |

ਕਰਮਾਂ ਦੀ ਸ਼ਾਨ ਭੁੱਲ ਹੋ ਗਏ ਦੁਕਾਨਦਾਰੀ,
ਚੱਲੋ ਸਾਰੇ ਰਲ ਮਿਲ ਧਰਮਾਂ ਨੂੰ ਰੋਵੀਏ |

ਧਰਮਾਂ ਨੇ ਪਾੜ ਕੇ ਲੋਕਾਈ ਲੀਰੋ-ਲੀਰ ਕੀਤੀ,
ਵਿਚ ਪੈਦਾ ਹੋਏ ਐਸੇ ਜ਼ਰਮਾਂ ਨੂੰ ਰੋਵੀਏ |

ਜ਼ਰਮਾਂ ਤਾਂ ਵੰਡਣੀ ਬਿਮਾਰੀ ਕੰਮ ਉਹਨਾ ਦਾ ਹੈ
ਮੌਤੋਂ ਡਰ ਕੌਰੋਂ ਬਣੀ ਸਲਮਾਂ ਨੂੰ ਰੋਵੀਏ |

ਸਲਮਾਂ ਵਿਚਾਰੀ ਜਾਣੇ ਕੀ ਬਾਤ ਆਣ ਵਾਲੀ,
ਜਿਹੜੇ ਹੋਏ ਵੰਡ ਵੇਲੇ ਜ਼ਖਮਾਂ ਨੂੰ ਰੋਵੀਏ |

ਜ਼ਖਮਾਂ ਨੂੰ ਸੱਠੋਂ ਵਧ ਸਾਲੀਂ ਨਾ ਨਸੀਬ ਹੋਈ,
ਰਾਜਿਆਂ ਦੇ ਖੀਸੇ ਪਈਆਂ ਮੱਲ੍ਹਮਾਂ ਨੂੰ ਰੋਵੀਏ |

ਮੱਲ੍ਹਮਾਂ ਨੂੰ ਭੁੱਲ ਜਾਵੋ ਸੜੇ ਅੰਗ ਕੱਟ ਦੇਵੋ,
ਕਾਹਤੋਂ ਬੈਠੇ ਇਹੋ ਜਿਹੇ ਬੇ-ਸ਼ਰਮਾਂ ਨੂੰ ਰੋਵੀਏ |

ਬੇ-ਸ਼ਰਮਾਂ ਤੇ ਢੀਠਾਂ ਦੀ ਹੀ ਲੱਗੇ ਸਰਦਾਰੀ ਹੁਣ,
ਮਰ-ਖ਼ਪ ਗਈਆਂ ਨੇ ਜੋ ਸਮਝਾਂ ਨੂੰ ਰੋਵੀਏ |

ਸਮਝਾਂ ਨੂੰ ਸਮਝਣ ਦਾ ਵੀ ਤਾਂ ਇੱਕ ਗੁਰ ਹੁੰਦਾ,
ਸਿਆਣਿਆਂ ਜੋ ਦਿੱਤੀਆਂ ਸੀ ਰਮਜਾਂ ਨੂੰ ਰੋਵੀਏ |

ਰਮਜਾਂ ਨਾ ਬੁੱਝ ਹੋਣ ਜਦੋਂ ਅਖੀਂ ਧੁੰਦ ਹੋਵੇ,
ਬੇ-ਪਛਾਣ ਵਕ਼ਤ ਦੀਆਂ ਨਬ੍ਜ਼ਾਂ ਨੂੰ ਰੋਵੀਏ,

ਨਬ੍ਜ਼ਾਂ ਨਾ ਚਲਦੀਆਂ ਮੁਰਦਾ ਸ਼ਬਦ ਹੋਣ,
ਚਲ 'ਗਿੱਲਾ' ਇਹੋ ਜਹੀਆਂ ਗਜ਼ਲਾਂ ਨੂੰ ਰੋਵੀਏ |

No comments:

Post a Comment