Saturday, February 11, 2012

ਪਿੰਡਾਂ 'ਚ ਸਵਰਗ ਦਾ ਗੁਣਗਾਨ ਅਤੇ ਪਰਦੇ ਪਿਛਲੀਆਂ ਸਚਾਈਆਂ

ਸਾਡੇ ਆਲੇ਼-ਦੁਆਲੇ਼ ਵਿੱਚ ਆਮ ਹੀ ਕੁਝ ਦਿਲਕਸ਼, ਕਾਵਿਕ ਅਤੇ ਭਾਵੁਕ ਜਿਹੀਆਂ ਪੰਕਤੀਆਂ ਹਵਾ ਵਿੱਚ ਤਰਦੀਆਂ ਤਰਦੀਆਂ ਸਾਡੇ ਕੰਨਾਂ 'ਤੇ ਆਹਟ ਦਿੰਦੀਆਂ ਹਨ ਜਿਵੇਂ ਕਿ :- ਸਾਡੇ ਪਿੰਡਾਂ ਵਿੱਚ ਵਸਦਾ ਰੱਬਜਾਂ ਤੈਨੂੰ ਪਿੰਡ ਦਾ ਸਵਰਗ ਦਿਖਾਵਾਂ..... ਜਾਂ ਪਿੰਡਾਂ ਦਾ ਗੁਣਗਾਨ ਕਰਦੀਆਂ ਹੋਰ ਕਵਿਤਾ, ਕਹਾਣੀਆਂ | ਜਿੰਨਾਂ ਨੂੰ ਸੁਣ, ਪੜ੍ਹ ਪਿੰਡਾਂ ਵਿੱਚ ਰਹਿਣ ਵਾਲਿਆਂ ਦਾ ਸੀਨਾ ਪਾਟਣ 'ਤੇ ਆ ਜਾਂਦਾ ਹੈ ਤੇ ਚਿਰਾਂ ਪਹਿਲਾਂ ਸ਼ਹਿਰ ਜਾਂ ਮੁਲਕੋਂ ਪਾਰ ਵਸੇਂਦੇ ਸੱਜਣਾਂ ਦਾ ਪਿੰਡਾਂ ਪ੍ਰਤੀ ਹੇਰਵਾ ਆਪਣੇ ਭਰ ਜੋਬਨ ਦੀਆਂ ਅੰਗੜਾਈਆਂ ਲੈਣ ਲੱਗ ਪੈਂਦਾ ਹੈ | ਜਦ ਕੋਈ ਪਿੰਡਾਂ ਦੀਆਂ ਗਲੀਆਂ ਵਿੱਚ ਉਡਦੀ ਧੂੜ ਨੂੰ ਆਪਣੇ ਵਿਕਾਊ ਲਫਜ਼ੀ ਤਾਣੇ-ਪੇਟੇ ‘ਚ ਦਰੀ 'ਚ ਪਾਏ ਸੋਹਣੇ ਵੇਲ-ਬੂਟਿਆਂ ਵਾਂਗ ਪਰੋਸਦਾ ਹੈ ਤਾਂ ਸਾਰਿਆਂ ਦਾ ਮਨ ਹੀ ਗਦ-ਗਦ ਹੋ ਉਠਦਾ ਹੈ, ਬਿਨਾਂ ਇਹ ਸੋਚੇ ਕਿ ਇਹ ਗਰਦਾ-ਗਵਾਰ ਕਿੰਨੀਆਂ ਜਿੰਦਗੀਆਂ ਲਈ ਆਫ਼ਤ ਲਿਆਉਣ ਵਾਲੇ਼ ਬਠਿੰਡੇ ਵਾਲੇ਼ ਜਿੰਨ ਤੋਂ ਵੀ ਭੈੜਾ ਹੈ | ਪਰ ‘ਦੂਰ ਦੇ ਢੋਲ ਸੁਹਾਵਣੇ’ ਵਾਂਗ ਸ਼ਹਿਰੀ ਪਿੰਡਾਂ ਦੀ ਉਸ ਧੂੜ ਨੂੰ ਇਤਰ ਫੁਲੇਲ ਜਾਣ ਅੱਖਾਂ ਬੰਦ ਕਰ ਗੀਤ ਵਾਲ਼ੀ ਬੀਨ 'ਤੇ ਕਾਲੇ਼ ਫਨੀਅਰ ਨਾਗ ਵਾਂਗ ਮਸਤ ਹੋ ਕੇ ਮੇਲ੍ਹਦੇ ਹਨ, ਇਹ ਪਤਾ ਹੁੰਦੇ ਹੋਏ ਵੀ ਕਿ ਇਹਨਾਂ ਲਾਈਨਾਂ ਦਾ ਰਚੇਤਾ ਬਿਨਾਂ ਕੋਈ ਐਨਕ ਲਾ ਇਸ ਧੂੜ ਵਿਚੋਂ ਕਦੇ ਵੀ ਨਹੀਂ ਗੁਜ਼ਰੇਗਾ, ਇਸ ਵਿੱਚ ਸਦੀਵੀ ਰਹਿਣਾ ਤਾਂ ਦੂਰ ਦੀ ਗੱਲ |

ਪਿੰਡਾਂ ਦੀ ਸਥਿਤੀ ਕੀ ਹੈ (?) ਤੇ ਇਸਨੂੰ ਨੂੰ ਸਵਰਗ ਵਰਗੀ ਪੇਸ਼ ਕਰਨ ਪਿੱਛੇ ਆਖਿਰ ਕੀ ਹੈ ਆਓ ਜ਼ਰਾ ਕੁ ਅੱਖਾਂ ਤੋਂ ਭਾਵੁਕਤਾ ਦੇ ਖੋਪੇ ਉਤਾਰਕੇ ਦੇਖਣ ਦਾ ਜਿਗਰਾ ਕਰੀਏ ....

ਪਿੰਡਾਂ ਦੀ ਜਿੰਦਗੀ ਦਾ ਅੰਦਰਲਾ ਧੁਰਾ ਖੇਤੀ ਜਾਂ ਪਸ਼ੂ ਪਾਲਣ ਤੱਕ ਸਿਮਟਿਆ ਹੋਇਆ ਹੈ ਕਿਉਂਕਿ ਇਹਨਾਂ ਵਿੱਚ ਹੋਰ ਘਰੇਲੂ ਉਦਯੋਗ ਟਿਕਣ ਯੋਗ ਜਗਾਹ ਵੱਡੀਆਂ ਸ਼ਹਿਰੀ ਸਨਅਤਾਂ ਨੇ ਨਹੀਂ ਛੱਡੀ | ਉਹ ਵੇਲੇ ਬੀਤੇ ਦੀ ਗੱਲ ਹੋ ਗਏ ਕਿ ਪਿੰਡ ਦੇ ਹਰ ਕਰਿੰਦੇ ਦਾ ਆਪਣਾ (ਕੰਮ ਵਜੋਂ ਛੋਟਾ ਜਾਂ ਵੱਡਾ) ਇੱਕ ਰੁਤਬਾ ਹੁੰਦਾ ਸੀ | ਅੱਜ ਇਹੀ ਕਰਿੰਦੇ ਜਾਂ ਤਾਂ ਕਿਸੇ ਸ਼ਹਿਰੀ ਸਨਅਤ ਦੇ ਪੱਕੇ ਕਰਿੰਦੇ ਹਨ ਜਾਂ ਸ਼ਹਿਰ ਦੇ ਕਿਸੇ ਲੇਬਰ ਚੌਕ ਵਿੱਚ ਦਿਹਾੜੀ ਮਿਲਣ ਦੀ ਆਸ ਵਿੱਚ ਪੱਬਾਂ ਭਾਰ ਖੜੇ ਦਿਖਦੇ ਹਨ | ਛੋਟੇ ਕਿਸਾਨ ਦਾ ਹਾਲ (ਆਪਣੀ ਨਿੱਜੀ ਜਿੰਦਗੀ ਵਿੱਚ) ਸੱਪ ਦੇ ਮੂੰਹ ਵਿੱਚ ਕੋਹੜ-ਕਿਰਲੀ ਵਾਲ਼ਾ ਹੈ ਇੱਕ ਦੋ ਏਕੜ ਨੇ ਇਸਨੂੰ ਕਿੱਲੇ ਨਾਲ ਬੱਝੇ ਭੁਖੇ ਨਾਕਾਰਾ ਧੌਲ ਦੀ ਤਰਾਂ ਕਰ ਛੱਡਿਆ ਹੈ | ਬਲ਼ਦਾਂ ਦੇ ਜਮਾਨੇ ਗਏ ਤੇ ਨਵੀਂ ਤਕਨੀਕ ਦੇ ਸੰਦਾਂ ਤੱਕ ਇਸ ਦੀ ਪਹੁੰਚ ਨਾ ਮੁਮਕਿਨ ਹੈ, ਜੇ ਕੋਈ ਪਿਛਲੱਗ ਇਸ ਮਿਰਗ-ਤ੍ਰਿਸ਼ਨਾ ਦਾ ਪਿੱਛਾ ਕਰਦਾ ਕਿਸੇ ਝਾਂਸੇ ਅਧੀਨ ਟਰੈਕਟਰ ਆਦਿ ਦਾ ਪੰਗਾ ਲੈ ਬੈਠਦਾ ਹੈ ਤਾਂ ਸਵੇਰੇ ਸਾਰ ਚੁੱਕੀ ਚਾਹ ਦੀ ਵਾਟੀ ਵਿਚੋਂ ਬੈਂਕ ਮੈਨੇਜਰ ਜਾਂ ਆੜਤੀਆ ਹਾਕਾਂ ਮਾਰਦਾ ਦਿਖਾਈ ਦਿੰਦਾ ਹੈ, ਜੋ ਅੰਤ ਨੂੰ ਇਸਦੇ ਗਲ਼ ਦੇ ਫਾਹੇ ਤੱਕ ਸਾਥ ਨਿਭਾਉਂਦਾ ਹੈ, ਕਿਉਂਕਿ ਪਿੰਡਾਂ ਦੀ ਭਾਈਚਾਰਕ ਸਾਂਝ ਦੇ ਕਿੱਸੇ ਦੂਰ ਦੂਰ ਤੱਕ ਮਸ਼ਹੂਰ ਹਨ | ਬੰਧੂਆ-ਮਜਦੂਰੀ (ਸੀਰ) ਵੀ ਬੀਤੇ ਦੀ ਗੱਲ ਹੋ ਗਈ ਹੈ | ਜਿਥੇ ਕਿਤੇ ਥੋੜੀ ਜਿੰਨੀ ਵੀ ਬਚਦੀ ਹੈ ਉਥੇ ਵੀ ਗਲ਼ ਲੱਗ ਕੇ ਸੀਰੀ ਦੇ ਜੱਟ ਰੋਵੇ ਵਾਲੀ ਕੋਈ ਕਾਵਿਕ ਜਿਹੀ ਭਾਈਚਾਰਕ ਸਾਂਝ ਨਹੀਂ ਸਗੋਂ ਉਸ ਕਾਮੇ ਦੇ ਸਰਦਾਰਾਂ ਦੀ ਬਹੀ 'ਤੇ ਵਧਦੇ ਅੰਗੂਠੇ ਦੇ ਨਿਸ਼ਾਨ ਹੀ ਪੁਰਾਣੀ ਸਾਂਝ ਦਾ ਮੂੰਹ-ਬੋਲਦਾ ਸਬੂਤ ਬਣਦੇ ਹਨ | ਸੁੰਗੜਦੀ ਪੈਲੀ ਨੇ ਵੱਡੇ ਲਾਣਿਆਂ ਦੇ ਚਲਨ ਨੂੰ ਖੂੰਜੇ ਲਾ ਦਿੱਤਾ ਹੈ, ਉਂਗਲਾਂ ਤੇ ਗਿਣਨ ਜੋਗੇ ਵੱਡੇ ਪਰਿਵਾਰ ਅੱਜ ਵੀ ਹਨ, ਪਰ ਉਥੇ ਜਿਥੇ ਕੋਈ ਕਾਰੋਬਾਰੀ ਸਾਂਝ ਹੈ ਜਿਸਨੂੰ ਭਾਵੁਕ ਲਫਜਾਂ ਵਿੱਚ ਵੀ ਪਿਰੋਣਾ ਹੋਵੇ ਤਾਂ ਸਿਆਣੇ ਇੰਝ ਪਿਰੋਂਦੇ ਹਨ ਚੰਗਾ ਹੈ ਭਾਈ ਸਾਂਝੇ ਪਰਿਵਾਰ ਵਰਗੀ ਰੀਸ ਨਹੀਂ, ਚੁੱਲ੍ਹੇ ਦਾ ਖਰਚਾ ਹੀ ਨਹੀਂ ਮਾਨ ਜੇ ਕੋਈ ਇਸਨੂੰ ਭਰੱਪਣ ਦੀ ਨਜ਼ਰ ਨਾਲ ਦੇਖਕੇ ਗਦ-ਗਦ ਹੁੰਦਾ ਹੈ ਤਾਂ ਉਸਨੂੰ ਆਪਣੀਆਂ ਅੱਖਾਂ ਦੀ ਜਾਂਚ ਜਰੂਰ ਕਰਵਾਉਣੀ ਲੋੜੀਂਦੀ ਹੈ |

ਅਵੱਲ ਤਾਂ ਛੋਟੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੋਂ ਉੱਪਰ ਦਾ ਕੋਈ ਸਰਕਾਰੀ ਸਕੂਲ ਹੁੰਦਾ ਨਹੀਂ, ਵਧ ਤੋਂ ਵਧ ਹੁੰਦਾ ਵੀ ਹੈ ਤਾਂ ਸਰਕਾਰੀ ਮਿਡਲ ਸਕੂਲ ਕਿਉਂਕਿ ਪੰਜਾਬ ਦੀਆਂ ਸਰਕਾਰਾਂ ਸ਼ਹਿਰਾਂ ਦੇ ਸਕੂਲਾਂ ਦੇ ਅਧਿਆਪਕ ਹੀ ਪੂਰੇ ਕਰਨ ਖੁਣੋ ਝੁੱਗਾ ਚੁੱਕੀ ਖੜੀਆਂ ਹਨ ਪਿੰਡਾਂ ਦੇ ਸਕੂਲਾਂ ਲਈ ਅਧਿਆਪਕ ਕਿਥੋਂ ਭਰਤੀ ਕਰਨੇ ਹਨ ? ਹਾਂ ਹੁਣ ਸਾਰੇ ਪ੍ਰਾਇਮਰੀ ਸਕੂਲਾਂ ਨੂੰ ਅੱਪ-ਗ੍ਰੇਡ ਕਰਕੇ ਮਿਡਲ ਸਕੂਲ ਕਰ ਦਿੱਤਾ ਜਾਵੇਗਾ ਕਿਉਂਕਿ ਜਦ ਕਿਸੇ ਨੂੰ ਅਠਵੀਂ ਤੱਕ ਫੇਲ੍ਹ ਹੀ ਨਹੀਂ ਕਰਨਾ ਤਾਂ ਪੜਾਉਣ ਲਈ ਅਧਿਆਪਕਾਂ ਦੀ ਲੋੜ ਹੀ ਕੀ ਹੈ ? ਸਰਕਾਰਾਂ (ਸਿਰਫ ਸਰਕਾਰ ਲਫਜ਼ ਹੀ ਕਾਫੀ ਹੈ ਕਿਉਂਕਿ ਸਭ ਇੱਕੋ ਥਾਲੀ ਦੇ ਚੱਟੇ-ਵੱਟੇ ਹਨ, ਪੰਜ ਸਾਲ ਬਾਅਦ ਬਦਲਦੀ ਕਾਰਨ ਬਹੁਬਚਨ ਵਰਤਿਆ ਹੈ) ਦੀ ਪਾਲਿਸੀ ਦੀ ਦਾਦ ਦੇਣੀ ਬਣਦੀ ਹੈ ਕਿ ਪਿੰਡਾਂ ਤੱਕ ਮਿੱਡ-ਡੇ-ਮੀਲ ਪਹੁੰਚਾਉਣ ‘ਤੇ ਖਾਸ ਧਿਆਨ ਹੈ | ਮਾਮਲਾ ਬੜਾ ਵਿਰੋਧਾਭਾਸੀ ਹੋ ਜਾਂਦਾ ਹੈ ਕਿ ਜਦ ਪਿੰਡਾਂ ਵਿੱਚ ਰੱਬ ਵਸਦਾ ਹੈ ਤਾਂ ਬੱਚਿਆਂ ਦੇ ਅੰਨ ਲਈ ਸ਼ਹਿਰਾਂ 'ਚ ਬੈਠੇ ਬੇ-ਇਮਾਨ ਹੁਕਮਰਾਨ ਕਿਉਂ ਪ੍ਰੇਸ਼ਾਨ ਹਨ ? ਸਵਰਗ ‘ਚ ਤਾਂ ਸੁਣਿਆਂ ਹੈ ਛੱਤੀ ਪ੍ਰਕਾਰ ਦੇ ਭੋਜਨ ਦਾ ਅਤੁੱਟ ਭੰਡਾਰਾ ‘ਚੱਥੇ-ਪਹਿਰ’ ਚਲਦਾ ਰਹਿੰਦਾ ਹੈ | ਹੋ ਸਕਦਾ ਹੈ ਸਵਰਗ ਦਾ ਕਾਨੂਨ ਬਦਲ ਗਿਆ ਹੋਵੇ ਸਮਾਂ ਐਨੀ ਤੇਜੀ ਨਾਲ ਬਦਲਦਾ ਹੈ ਕਿ ਪਿੰਡ ਵਿੱਚ ਬੈਠਿਆਂ ਨੂੰ ਅਸਲ (ਸੱਚੀ) ਖ਼ਬਰ ਦਾ ਪਤਾ ਹੀ ਨਹੀਂ ਚਲਦਾ | ਅੱਜ ਦੇ ਪਿੰਡਾਂ ਦਾ ਕਾਵਿ-ਮਈ ਸਵਰਗਨੁਮਾਂ ਚਿੱਤਰ ਖਿੱਚਣ ਵਾਲੇ ਕਿਸ ਕਵੀ (+ਗਾਇਕ) ਦੇ ਲਾਡਲੇ ਸਪੂਤ ਇਹਨਾਂ ਪੇਂਡੂ ਤੱਪੜ ਮਾਰਕਾ ਦਲ਼ੀਆ ਖੁਆਊ ਸਕੂਲਾਂ ਵਿਚੋਂ ਕਿਸ ਸਕੂਲ ਵਿੱਚ ਪੜ੍ਹਦੇ ਹਨ ਇਸਦੀ ਵੀ ਖ਼ਬਰ ਪਿੰਡਾਂ ਤੱਕ ਨਹੀਂ ਪਹੁੰਚੀ, ਕਿਉਂਕਿ ਪਿੰਡ ਵਿੱਚ ਬੈਠਿਆਂ ਨੂੰ ਅਸਲ (ਸੱਚੀ) ਖਬਰ ਦਾ ਪਤਾ ਹੀ ਨਹੀਂ ਚਲਦਾ |

ਪਿੰਡਾਂ ਦੇ ਲੋਕਾਂ ਦੇ ਸਰੀਰ ਰਿਸ਼ਟ ਪੁਸ਼ਟ ਹੁੰਦੇ ਹਨ ਗਭਰੂ ਬਾਂਕੇ, ਸ਼ੈਲ ਮੁਟਿਆਰਾਂ ਵਾਹ ਵਾਹ !!! ਅਜਿਹੇ ਗਭਰੂ ਮੁਟਿਆਰਾਂ ਪਿੰਡਾਂ ਵਿੱਚ ਹਨ ਕੋਈ ਸ਼ੱਕ ਨਹੀਂ ਪਰ ਇਸ ਤੋਂ ਸੋਹਣੇ ਗਭਰੂ ਤੇ ਮੁਟਿਆਰਾਂ ਸ਼ਹਿਰਾਂ ਵਿੱਚ ਵਸਦੇ ਹਨ ਕਿਉਂਕਿ ਰੂਪ ਖੁਰਾਕ, ਚੱਜ-ਆਚਾਰ ਨਾਲ਼ ਸੰਵਰਨ ਵਾਲ਼ੀ ਚੀਜ ਹੈ ਸਾਰੀਆਂ ਵਸਤਾਂ ਦੀ ਪਿੰਡਾਂ ਨਾਲੋਂ ਜਿਆਦਾ ਬਹੁਤਾਤ ਸ਼ਹਿਰਾਂ ਵਿੱਚ ਹੈ | ਗੰਨਾ ਜਾਂ ਛੱਲੀ ਸ਼ਹਿਰਾਂ ਵਿੱਚ ਵਿਕਦੇ ਹਨ ਪਿੰਡਾਂ ਵਿੱਚ ਤਾਂ ਜੇ ਕੋਈ ਕਿਸੇ ਦੇ ਖੇਤੋਂ ਤੋੜ ਲਵੇ ਗੁਨਾਹ ਸਮਝਿਆ ਜਾਂਦਾ ਹੈ ਤੇ ਸਜਾ ਦਿੱਤੀ ਜਾਂਦੀ ਹੈ | ਆਖਿਰ ਭਾਈ-ਭਰੱਪਣ ਦੇ ਵੀ ਕੁਝ ਅਸੂਲ ਹੁੰਦੇ ਹਨ | ਸਰੀਰ ਦੇ ਰਿਸ਼ਟ-ਪੁਸ਼ਟ ਰਹਿਣ ਲਈ ਲੋੜੀਂਦੀ ਖੁਰਾਕ ਦੀ ਘਾਟ ਦੀ ਬਾਤ ਪੰਜਾਬ ਦਾ ਮਾਲਵਾ ਪੇਂਡੂ ਖਿੱਤਾ ਪਾ ਸਕਦਾ ਹੈ ਜਿਥੇ ਜਵਾਨਾਂ ਦੇ ਤਾਂ ਕੀ ਅੱਧ ਤੋਂ ਵੱਧ ਬੱਚਿਆਂ ਦੇ ਸਰੀਰਾਂ ਵਿੱਚ ਖੂਨ ਦੀ ਕਮੀਂ ਪਾਈ ਜਾਂਦੀ ਹੈ | ਖੁਰਾਕ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਅੱਜ ਦੇ ਦੌਰ ਵਿੱਚ ਡਾਕਟਰੀ ਸਹਾਇਤਾ ਦੀ ਆਪਣੀ ਖਾਸ ਭੂਮਿਕਾ ਹੈ ਪਰ ਪਿੰਡਾਂ ਨੂੰ ਸਵਰਗ ਹੋਣ ਕਾਰਨ ਸ਼ਾਇਦ ਇਸਦੀ ਜਰੂਰਤ ਹੀ ਨਹੀਂ | ਕਿਸੇ ਮਾਂ ਦੇ ਪੇਟ ਵਿੱਚ ਬੱਚਾ ਪੁੱਠਾ ਹੋ ਜਾਵੇ (ਅਸਲ ਤਾਂ ਹੁੰਦਾ ਨਹੀਂ ਰੱਬ ਦੀ ਐਨੀ ਮੇਹਰ ਵਰਸਦੀ ਹੈ) ਤਾਂ ਅਜਿਹਾ ਬੱਚਾ ਪਿੰਡ ਨੂੰ ਕਬੂਲ ਹੀ ਨਹੀਂ ਕਿਉਂਕਿ ਜੋ ਜਨਮ ਤੋਂ ਪਹਿਲਾਂ ਹੀ ਪੁੱਠਾ ਹੈ ਉਸਨੇ ਅੱਗੇ ਵੀ ਪੁੱਠੇ ਹੀ ਕੰਮ ਕਰਨੇ ਨੇ, ਸੋ ਰੱਬ ਜੀ ਉਸ ਨੂੰ ਇਸ ਸਵਰਗ ਚੋਂ ਜਨਮ ਸਮੇਂ ਹੀ ਤਰਲੋਕਪੁਰੀ ਭੇਜ ਦਿੰਦੇ ਹਨ, ਵਾਹ ਲਗਦੀ ਨਾਲ ਹੀ ਮਾਂ ਨੂੰ ਵੀ ਕਿਉਂਕਿ ਇਹ ਉਸਦੇ ਹੀ ਕਰਮ ਦਾ ਫਲ਼ ਹੈ | ਪਿੰਡਾਂ ਦੇ ਲੋਕ ਕੁਦਰਤ ਦੇ ਭਾਣੇ ਵਿੱਚ ਜਿਉਣ ਵਾਲੇ਼ ਜੀਵ ਹੁੰਦੇ ਹਨ, ਜੇ ਸਰਕਾਰ ਪਿੰਡਾਂ ਵਿੱਚ ਹਸਪਤਾਲ ਖੋਲ੍ਹਦੀ ਹੈ ਤਾਂ ਇਸ ਭਾਣੇ ਨੂੰ ਮੰਨਣ ਵਿੱਚ ਖਲਲ ਪੈਂਦਾ ਹੈ | ਸੱਟ-ਫੇਟ ਲੱਗ ਜਾਵੇ ਤਾਂ ਉੱਪਰ ਮਿੱਟੀ ਭੁੱਕੀ ਜਾ ਸਕਦੀ ਹੈ ਜਾਂ ਉੱਤੇ ਮੂਤਿਆ ਜਾ ਸਕਦਾ ਹੈ | ਪੇਂਡੂ ਲੋਕ ਕੁਦਰਤ ਨਾਲ ਜੁੜੇ ਹੋਏ ਲੋਕ ਹਨ ਕੁਦਰਤੀ ਇਲਾਜ਼ ਵਿੱਚ ਵਿਸ਼ਵਾਸ ਰਖਦੇ ਹਨ | ਪੇਂਡੂ ਨੌਜਵਾਨ (ਜੋ ਢਿਡੋਂ ਭੁੱਖੇ ਦਿਹਾੜੀ ਜਾਂਦੇ ਨੇ) ਲੋਲ੍ਹੜ ਨਹੀਂ ਜੋ ਦਵਾਈਆਂ ਦਾ ਉਹਨਾਂ ਨੂੰ ਨਾ ਪਤਾ ਹੋਵੇ ਉਹ ਲੋਮੋਟਿਲ ਦਾ ਨਾਮ ਜਰੂਰ ਜਾਣਦੇ ਹਨ ਜੋ ਪਿੰਡਾਂ ਵਿਚੋਂ ਵੀ ਆਮ ਮਿਲ ਜਾਂਦੀ ਹੈ | ਪਿੰਡਾਂ ਨੂੰ ਸਵਰਗ ਆਖਣ ਦਾ ਇਹ ਕਾਰਨ ਵੀ ਬੜਾ ਦਮਦਾਰ ਹੈ |

ਕੁਝ ਪਿੰਡਾਂ ਤੋਂ ਦੂ.........ਰ ਵਸੇਂਦੇ ਲੋਕ ਪਿੰਡਾਂ ਦੇ ਇਸ ਸਵਰਗ ਵਿਚੋਂ ਕੁਝ ਚੀਜਾਂ ਦੇ ਪਰਲੋਕਗਮਨ ਹੋ ਜਾਣ 'ਤੇ ਡਾਹਢੇ ਦੁਖੀ ਦਿਖਾਈ ਪੈਂਦੇ ਹਨ, ਜਿਵੇਂ :- ਟਿੰਡਾਂ ਵਾਲਾ ਖੂਹ, ਤਾਸ਼ ਖੇਡਣ ਲਈ ਬਰੋਟੇ ਵਾਲੀ ਸੱਥ, ਹੱਥ ਨਾਲ ਦੁੱਧ ਰਿੜਕਣ ਵਾਲੀ ਮਧਾਣੀ, ਹੱਥੀ ਆਟਾ ਪੀਹਣ ਵਾਲੀ ਚੱਕੀ, ਲਹਿੰਗਾ, ਫੁਲਕਾਰੀ ਆਦਿ ਆਦਿ | ਪਿੰਡਾਂ ਦੇ ਸਵਰਗ ਵਿੱਚ ਸ਼ਹਿਰੀ ਨਰਕ ਦੀ ਘੁਸ-ਪੈਠ ਹੋ ਗਈ ਹੈ, ਲੋਕਾਂ ਨੇ ਦੇਖ ਲਿਆ (ਸ਼ਾਇਦ ਉਹ ਗਿਆਨ ਦਾ ਫਲ ਖਾ ਲਿਆ ਹੋਵੇ ਜੋ ਅਦਮ ਤੇ ਈਵ ਨੇ ਯੁਗਾਂ ਪਹਿਲਾਂ ਖਾਧਾ ਸੀ) ਕਿ ਬਲ਼ਦ ਦੇ ਚਾਰੇ ਨਾਲੋਂ ਬਿਜਲੀ ਦੀ ਮੋਟਰ ਸਸਤੀ ਪੈਂਦੀ ਹੈ, ਸ਼ਹਿਰ ਪਿੰਡਾਂ ਤੇ ਚੜ੍ਹੇ ਆਉਂਦੇ ਹਨ ਸੋ ਬਰੋਟਿਆਂ ਨੂੰ ਨਾ ਥਾਂ ਬਚੀ ਹੈ ਨਾ ਤਾਸ਼ ਨੂੰ ਫੁਰਸਤ, ਪੇਂਡੂ ਜਨਾਨੀਆਂ ਨੇ ਜਾਣ ਲਿਆ ਕਿ ਐਵੇਂ ਮਧਾਣੀ ਨੇਤ੍ਰੇ, ਹੱਥ ਚੱਕੀ ਨਾਲ ਮੱਥਾ ਮਾਰਨ ਦੀ ਲੋੜ ਨਹੀਂ ਇਹ ਕੰਮ ਇੱਕ ਬਿਜਲੀ ਦੀ ਮੋਟਰ ਮਿੰਟਾਂ ‘ਚ ਕਰ ਮਾਰਦੀ ਹੈ (ਤਾਹੀਂ ਜਨਾਨੀਆਂ ਦੇ ਡੌਲਿਆਂ ਵਿੱਚ ਜਾਨ ਨਹੀਂ ਰਹੀ), ਪੇਂਡੂ ਲੜਕੀਆਂ ਨੂੰ ਪ੍ਰਾਇਮਰੀ ਦੀ ਸਿਖਿਆ ਤੋਂ ਬਾਅਦ ਬਾਹਰ ਸ਼ਹਿਰ ਜਾਣਾ ਪੈਂਦਾ ਸੀ/ਹੈ ਸੋ ਉਹਨਾਂ ਨੂੰ ਜੀਨ ਤੇ ਟੀ-ਸ਼ਰਟਾਂ ਪਾਉਣ ਦੀ ਅਕਲ ਆ ਗਈ, ਪੜੀਆਂ ਲਿਖੀਆਂ ਪੇਂਡੂ ਵਿਆਹੁਤਾ ਔਰਤਾਂ ਨੂੰ ਵੀ ਕੰਮ ਕਾਜ ਲਈ ਸ਼ਹਿਰ ਜਾਣਾ ਪੈਂਦਾ ਵਿਚਾਰੀਆਂ ਸੱਤ ਗਜ ਦਾ ਲਹਿੰਗਾ ਕਿਥੋਂ ਘਸੀਟੀ ਫਿਰਨ ? ਕਦੇ ਪਿੰਡਾਂ ਵਿਚਲੇ ਸਵਰਗ ਦੀ ਔਰਤ "ਮਿਠਾਈ" ਵਾਂਗ ਲੁਕਾਕੇ ਰੱਖਣ ਵਾਲ਼ੀ ""ਚੀਜ਼"" ਸੀ, ਸਭ ਸ਼ਹਿਰੀ ਨਰਕ ਦਾ ਪ੍ਰਭਾਵ ਕਿ ਇਸਨੇ ਮਰਦ ਦੀ ਮਿਠਾਈ ਬਣਨ ਦੀ ਆਦਤ ਨੂੰ ਓਲਾ ਦੇ ਦਿੱਤਾ ਹੈ | ਵਿਚਾਰਾ ਮਰਦ ਅੱਜ ਵੀ ਪਿੰਡਾਂ ਦੇ ਉਸ ਸਵਰਗ ਦੀ ਰਾਹ ਤੱਕ ਰਿਹਾ ਹੈ .................|

ਇਕਬਾਲ

98152-09617