Thursday, February 24, 2011

ਮੈਂ ਤੇ ਉਹ

ਲਾਹਣਤ ਨਹੀਂ
ਤਾਂ ਹੋਰ ਕੀ ਸੀ ?
ਮੇਰਾ ਜਿਉਂਦੀਆਂ ਚਰਾਂਦਾਂ ਚੋਂ
ਮੁਰਦਾ ਕਲਸਾਂ ਵੱਲ ਪਰਤਣਾ,
...ਧੋਖਾ ਨਹੀਂ
ਤਾਂ ਹੋਰ ਕੀ ਸੀ ?
ਤੇਰੇ ਪੇਟੂ ਕਲਸਾਂ ਦਾ
ਧੜਕਣਾ ਨੂੰ ਖਾ ਜਾਣਾ |

ਰਹੱਸਵਾਦ

ਕੁਝ ਬਾਤ ਨਹੀਂ ਬਣਦਾ
ਇਹੀ ਬਾਤ ਦੀ ਕਸ਼ਿਸ਼ ਹੈ
ਸਭ ਬਾਤ ਬਣ ਹੀ ਜਾਵੇ
ਐਨੀ ਜਿੱਦ ਵੀ ਕੀ ?

ਇੱਕ ਹੋਰ ਜੰਗ

ਅਸੀਂ ਉਬੜ ਖਾਬੜ
ਭੂਮੀ ਤੇ ਲੜਦੇ
ਕੁਝ ਪਲ ਆਰਾਮ ਲਈ
ਪਰਤੇ ਜਦ ਕਿਤਾਬਾਂ ਦੀ
ਜਰਖੇਜ਼ ਜਮੀਂ 'ਤੇ.......
...ਉਗਿਆ ਸਰਕੰਡਾ ਪਾਇਆ
ਹਰਿੱਕ ਸਫੇ 'ਤੇ.......
ਸੀ ਤਿਆਰ
ਇੱਕ ਹੋਰ ਜੰਗ ਬਿਨ ਆਰਾਮ |

ਨਾ ਸ਼ੁਕਰੇ

ਅਸੀਂ ਸਹੁੰ ਖਾਧੀ ਹੈ
ਜਦ ਤਕ ਤੁਸੀਂ
ਸਾਡੀਆਂ ਜੜਾਂ ਨੂੰ ਨਹੀਂ ਪਲੋਸਦੇ
ਆਪਣੇ ਖੁਰਪੇ ਜਿਹੇ ਹਥਾਂ ਨਾਲ
ਤੁਹਾਡੇ ਨੱਕ ਲਈ ਸੁਘੰਧ
...ਤੁਹਾਡੀਆਂ ਅੱਖਾਂ ਲਈ ਰੰਗ
ਨਹੀਂ ਦੇ ਸਕਦੇ
ਕਿਉਂ ਜੋ
ਅਸੀਂ ਸੁਰਖ ਗੁਲਾਬ
ਧਰਤੀ ਦੇ
ਤੁਹਾਡੇ ਜਿਹੇ
ਨਾ ਸ਼ੁਕਰੇ ਪੁੱਤ ਨਹੀਂ