Friday, October 8, 2010

ਜੰਜੀਰੀਦਾਰ ਗ਼ਜ਼ਲ

ਗਾਇਕਾਂ ਖਰੀਦ ਲਈ ਸੋਹਣੀ ਕਾਰ ਕੋਠੀ ਵੀ,

ਵੇਚੀਆਂ ਜੋ ਚਲ ਉਹਨਾਂ ਸ਼ਰਮਾਂ ਨੂੰ ਰੋਵੀਏ |


ਸ਼ਰਮਾਂ ਵਾਲੇ ਹੋ ਰਹੇ ਨੇ ਦੇਖ ਦੇਖ ਸ਼ਰਮਿੰਦਾ,

ਝੂਠੀ ਸ਼ਾਨ ਦੇ ਗਵਾਹ ਭਰਮਾਂ ਨੂੰ ਰੋਵੀਏ |


ਭਰਮਾਂ ਨੇ ਨਾਸ਼ ਕੀਤਾ ਬੀਜ਼ ਨੇਕ-ਚਲਣੀ ਦਾ,

ਬਣ ਗਏ ਕੁਚਾਲਾਂ ਐਸੇ ਚਲਣਾਂ ਨੂੰ ਰੋਵੀਏ |


ਚਲਣਾਂ ਨੇ ਖੋਹਿਆ ਖੰਨਾ-ਟੁੱਕ ਮੇਰੇ ਹਿਸੇ ਦਾ,

ਲਗੀਆਂ ਸਮਾਜ ਨੂੰ ਜੋ ਮਰਜਾਂ ਨੂੰ ਰੋਵੀਏ |


ਮਰਜਾਂ ਘਟਾਉਣ ਥਾਵੇਂ ਦਿਨੋ-ਦਿਨ ਜੋ ਵਧਾਣ,

ਵੈਦਾਂ ਦੀਆਂ ਵੱਡੀਆਂ ਉਹ ਗਰਜਾਂ ਨੂੰ ਰੋਵੀਏ |


ਗਰਜਾਂ ਦੇ ਹੇਠ ਜਿਹੜੇ ਪਿਸ ਚੂਰ ਚੂਰ ਹੋਏ,

ਐਨੇ ਕਮਜ਼ੋਰ ਨੇ ਜੋ ਫ਼ਰਜ਼ਾਂ ਨੂੰ ਰੋਵੀਏ |


ਫ਼ਰਜ਼ਾਂ ਦੇ ਲਈ ਸਦਾ ਚੜੇ ਸੂਲੀ ਡਰੇ ਨਾ,

ਅੱਜ ਦੇ ਜੋ ਡਰਦੇ ਨੇ ਆਸ਼ਿਕ਼ਾਂ ਨੂੰ ਰੋਵੀਏ |


ਆਸ਼ਕਾਂ ਨੇ ਕੰਮ ਛੱਡੇ ਰੋਣ-ਧੋਣ ਬਿਨਾਂ ਸਾਰੇ,

ਤਲੀ ਸਿਰ ਧਾਰਨ ਦੀਆਂ ਸ਼ਰਤਾਂ ਨੂੰ ਰੋਵੀਏ |


ਸ਼ਰਤਾਂ ਨੇ ਬੀਤੇ ਦੀ ਕੋਈ ਗੱਲ ਇਕਬਾਲ ਸਿੰਘਾ,

ਭੁੱਲ ਜਮੀਂ ਬਣ ਬੈਠੇ ਅਰਸ਼ਾਂ ਨੂੰ ਰੋਵੀਏ |


ਅਰਸ਼ਾਂ 'ਚ ਉਡਣ ਦੀ ਖਾਹਿਸ਼ ਨੇ ਅੰਗ ਤੋੜੇ,
ਜਿਥੇ ਮੂਧੇ-ਮੂੰਹ ਹਾਂ ਡਿੱਗੇ ਫਰਸ਼ਾਂ ਨੂੰ ਰੋਵੀਏ |

ਫਰਸ਼ਾਂ ਦੇ ਵੱਲ ਨਾ ਨਜ਼ਰ ਕਰ ਤੁਰੇ ਕਦੇ,
ਹੋਏ ਬੈਠੇ ਲੰਙੇ ਹੁਣ ਕਰਮਾਂ ਨੂੰ ਰੋਵੀਏ |

ਕਰਮਾਂ ਦੀ ਸ਼ਾਨ ਭੁੱਲ ਹੋ ਗਏ ਦੁਕਾਨਦਾਰੀ,
ਚੱਲੋ ਸਾਰੇ ਰਲ ਮਿਲ ਧਰਮਾਂ ਨੂੰ ਰੋਵੀਏ |

ਧਰਮਾਂ ਨੇ ਪਾੜ ਕੇ ਲੋਕਾਈ ਲੀਰੋ-ਲੀਰ ਕੀਤੀ,
ਵਿਚ ਪੈਦਾ ਹੋਏ ਐਸੇ ਜ਼ਰਮਾਂ ਨੂੰ ਰੋਵੀਏ |

ਜ਼ਰਮਾਂ ਤਾਂ ਵੰਡਣੀ ਬਿਮਾਰੀ ਕੰਮ ਉਹਨਾ ਦਾ ਹੈ
ਮੌਤੋਂ ਡਰ ਕੌਰੋਂ ਬਣੀ ਸਲਮਾਂ ਨੂੰ ਰੋਵੀਏ |

ਸਲਮਾਂ ਵਿਚਾਰੀ ਜਾਣੇ ਕੀ ਬਾਤ ਆਣ ਵਾਲੀ,
ਜਿਹੜੇ ਹੋਏ ਵੰਡ ਵੇਲੇ ਜ਼ਖਮਾਂ ਨੂੰ ਰੋਵੀਏ |

ਜ਼ਖਮਾਂ ਨੂੰ ਸੱਠੋਂ ਵਧ ਸਾਲੀਂ ਨਾ ਨਸੀਬ ਹੋਈ,
ਰਾਜਿਆਂ ਦੇ ਖੀਸੇ ਪਈਆਂ ਮੱਲ੍ਹਮਾਂ ਨੂੰ ਰੋਵੀਏ |

ਮੱਲ੍ਹਮਾਂ ਨੂੰ ਭੁੱਲ ਜਾਵੋ ਸੜੇ ਅੰਗ ਕੱਟ ਦੇਵੋ,
ਕਾਹਤੋਂ ਬੈਠੇ ਇਹੋ ਜਿਹੇ ਬੇ-ਸ਼ਰਮਾਂ ਨੂੰ ਰੋਵੀਏ |

ਬੇ-ਸ਼ਰਮਾਂ ਤੇ ਢੀਠਾਂ ਦੀ ਹੀ ਲੱਗੇ ਸਰਦਾਰੀ ਹੁਣ,
ਮਰ-ਖ਼ਪ ਗਈਆਂ ਨੇ ਜੋ ਸਮਝਾਂ ਨੂੰ ਰੋਵੀਏ |

ਸਮਝਾਂ ਨੂੰ ਸਮਝਣ ਦਾ ਵੀ ਤਾਂ ਇੱਕ ਗੁਰ ਹੁੰਦਾ,
ਸਿਆਣਿਆਂ ਜੋ ਦਿੱਤੀਆਂ ਸੀ ਰਮਜਾਂ ਨੂੰ ਰੋਵੀਏ |

ਰਮਜਾਂ ਨਾ ਬੁੱਝ ਹੋਣ ਜਦੋਂ ਅਖੀਂ ਧੁੰਦ ਹੋਵੇ,
ਬੇ-ਪਛਾਣ ਵਕ਼ਤ ਦੀਆਂ ਨਬ੍ਜ਼ਾਂ ਨੂੰ ਰੋਵੀਏ,

ਨਬ੍ਜ਼ਾਂ ਨਾ ਚਲਦੀਆਂ ਮੁਰਦਾ ਸ਼ਬਦ ਹੋਣ,
ਚਲ 'ਗਿੱਲਾ' ਇਹੋ ਜਹੀਆਂ ਗਜ਼ਲਾਂ ਨੂੰ ਰੋਵੀਏ |

ਬਹੱਤਰ ਕਲਾ ਛੰਦ

ਹੈ ਲੁਟ-ਪੁਟ ਦੇਸ਼ ਹੋਇਆ ਓ

ਕਿਵੇਂ ਬਚਾਈਏ,

ਤੇ ਕਿਹਨੂੰ ਸੁਣਾਈਏ,

ਓ ਦਰਦ ਕਹਾਣੀ

ਇਹ ਲੋਟੂ ਢਾਣੀ

ਲਗਦਾ ਨਹੀਂ ਛਡਦੀ ਜੜਾਂ ਚੋਂ ਵੱਢੂ

ਵਸੇ ਮੀਂਹ ਪਿਆ ਨਸ਼ਿਆਂ ਦਾ

ਰੁਲੀ ਜਵਾਨੀ

ਨਾ ਪੱਲੇ ਚਵਾਨੀ,

ਕਾਮੇਂ ਭੁਖੇ ਨੰਗੇ

ਚੋਹੀਂ ਪਾਸੀਂ ਦੰਗੇ

ਖੁਭੇ ਵਿੱਚ ਚਿਕੜ ਕਿਹੜਾ ਦਸੋ ਕੱਢੂ

ਭਲੇ ਮਾਣਸ ਦੁਬਕ ਗਏ

ਗੱਲ ਵੀ ਨਹੀਂ ਕਰਦੇ

ਬੋਲਣ ਤੋਂ ਡਰਦੇ

ਗੀਤ ਬਸ ਲਿਖਦੇ,

ਇਸ਼ਕ਼ ਨੇ ਸਿਖਦੇ

ਚੁੱਕਣ ਨਾ ਮੁੱਦਾ ਨੇ ਡਰਦੇ ਰਹਿੰਦੇ

ਤੈਂ ਕੀ ਲੈਣਾ "ਗਿੱਲਾ" ਓਏ

ਪੰਗੇ ਕਿਉਂ ਲੈਂਦਾ

ਟਿਕ ਕੇ ਨ ਬਹਿੰਦਾ,

ਸਚ ਨ ਕਹਿ ਤੂੰ

ਚੁਪ ਹੀ ਰਹਿ ਤੂੰ

ਕਿਸੇ ਨਹੀਂ ਸੁਣਨਾ ਸਿਆਣੇ ਕਹਿੰਦੇ

ਗੀਤ

ਪਥਰਾਂ ਦੇ ਸ਼ਹਿਰ ਵਿਚ ਬਿਰਖਾਂ ਦੀ ਛਾਂ ਲੱਭਾਂ

ਲਗਦਾ ਏ ਯਾਰੋ ਮੈਂ ਤੇ ਝੱਲਾ ਹੋ ਗਿਆ ਹਾਂ |

ਮਿਲਿਆ ਨਾ ਮੀਤ ਕੋਈ ਜਿਸ ਦੇ ਮਖੌਟਾ ਨਾਹੀਂ,

ਨਾਤਿਆਂ ਦੀ ਭੀੜ ਵਿਚ ਕੱਲਾ ਹੋ ਗਿਆ ਹਾਂ |

ਸੁਖਾਂ ਦੀ ਜੇ ਚਾਹ ਮੈਨੂੰ ਉਹ ਵੀ ਤਾਂ ਚਾਹੰਵਦੇ ਨੇ,

ਇਸ ਵਿਚ ਦੱਸੋ ਏ ਗੁਨਾਹ ਕਿਸ ਬੰਦੇ ਦਾ,

ਆਉਧ ਸਾਰੀ ਸੋਚਦਾ ਰਿਹਾ ਖੁਦ ਨੂੰ ਖਰੋਚਦਾ ਰਿਹਾ,

ਮਿਲਿਆ ਨਾ ਠਾਉਰ ਮੈਨੂੰ ਹਾਲੇ ਇਸ ਧੰਦੇ ਦਾ,

ਕਿਹੋ ਜਿਹੇ ਮਨੁਖ ਅਸੀਂ ਕੇਹੀ ਇਹ ਦੁਨੀਆਂ ਹੈ,

ਦੇਖ ਇਹਨੂੰ ਮੈਂ ਅਵੱਲਾ ਹੋ ਗਿਆ ਹਾਂ........ ਮਿਲਿਆ ਨਾ ਮੀਤ

ਮੇਰੀਆਂ ਮੁਹਬਤਾਂ ਦੇ ਪੰਨਿਆਂ ਦੇ ਉੱਤੇ ਧੱਬੇ,

ਕਿਸੇ ਨਾਲ ਕੀਤੀਆਂ ਵਫਾਵਾਂ ਦੇ ਗਵਾਹ ਨਹੀਂ,

ਬੇ-ਵਫਾਈ ਯਾਰਾਂ ਦੀ ਜੇ ਮੇਰੇ ਹਿੱਸੇ ਆ ਗਈ ਏ ,

ਫੇਰ ਇਸ ਵਿਚ ਮੇਰੇ ਯਾਰਾਂ ਦਾ ਗੁਨਾਹ ਨਹੀਂ,

ਵਗਦੇ ਵਰੋਲਿਆਂ ਦਾ ਵਰ੍ਹਦੇ ਹੋਏ ਓਲ੍ਹਿਆਂ ਦਾ,

ਲਗਦੈ ਮੈਂ ਤੇ ਮੌਸਮ ਕਲੱਲਾ ਹੋ ਗਿਆ ਹਾਂ.......ਮਿਲਿਆ ਨਾ ਮੀਤ

ਰਾਂਝੇ ਨੇ ਜੇ ਵੱਗ ਚਾਰੇ, ਹੀਰ ਨੇ ਵੀ ਚੂਰੀ ਕੁੱਟੀ,

ਫ਼ਰਜ਼ਾਂ ਦੇ ਵਿਚ ਤਾਂ ਸੀ ਦੋਵੇਂ ਸਾਬਤ ਰਹੇ,

ਕੈਦੋਂ ਅਤੇ ਖੇੜੇ ਵੀ ਤਾਂ ਥਾਓਂ ਥਾਈਂ ਸਹੀ,

ਬਣਕੇ ਸਬੂਤ ਇਹ ਆਦਮ ਆਦਤ ਰਹੇ,

ਗੋਰਖ ਵੀ ਚੰਗਾ ਰਾਂਝਾ ਉਹਦੇ ਰੰਗੀਂ ਰੰਗਾ

ਜਿਥੇ ਹੋਇਆ ਯੋਗ ਉਹ ਟੱਲਾ ਹੋ ਗਿਆ ਹਾਂ .....ਮਿਲਿਆ ਨਾ ਮੀਤ

ਖਿਆਲਾਂ ਦੀ ਰਵਾਨੀ ਵਿਚ ਲਫਜਾਂ ਦੇ ਮਾਅਨੇ ਕੀ ਨੇ

ਗ਼ਜ਼ਲ ਜਾਂ ਗੀਤ ਵਿਚ ਹੁੰਦਾ ਕੀ ਫ਼ਰਕ ਹੈ,

ਦੋਵੇਂ ਹੀ ਤਾਂ ਦਰਦ ਦੀ ਕੁਖੋਂ ਜੰਮੇ ਭੈਣ ਭਾਈ

ਅੱਡੋ-ਅੱਡ ਸੋਚ ਲੈਣਾ ਮਗ੍ਜ਼ੀ ਠਰਕ ਹੈ,

"ਨੀਰਵ" ਕਹਾਉਂਦਾ ਰਿਹਾ ਸਭ ਤੋਂ ਛੁਪਾਉਂਦਾ ਰਿਹਾ

ਵਿਚੇ ਵਿਚ ਜ਼ਖਮ ਇੱਕ ਅੱਲਾ ਹੋ ਗਿਆ ਹਾਂ.......... ਮਿਲਿਆ ਨਾ ਮੀਤ

ਸੁਪਨਾ

ਕਾਨੂੰਨ ਦੀ ਤਕੜੀ 'ਚ

ਪਾਸਕ ਦੀ ਗੱਲ ਨਾ ਕਰੋ

ਮਾਰੇ ਜਾਓਗੇ |

ਕਿਸੇ ਭ੍ਰਿਸ਼ਟ ਨੇਤਾ ਦੀ

ਕਰਤੂਤ ਤੇ ਹਥ ਨਾ ਧਰੋ

ਮਾਰੇ ਜਾਓਗੇ |

ਝੂਠ ਦੇ ਗੁਣ ਗਾਈ ਜਾਓ

ਸਚ ਦੀ ਹਾਮੀਂ ਨਾ ਭਰੋ

ਮਾਰੇ ਜਾਓਗੇ |

ਭੁਖ,ਗਰੀਬੀ, ਬੇਰੋਜ਼ਗਾਰੀ

ਜੇਕਰ ਹਸਕੇ ਨਾ ਜ਼ਰੋ

ਮਾਰੇ ਜਾਓਗੇ |

ਰਾਜ ਸ਼ਾਇਰ ਬਣੇ ਰਹੋ

ਰੋਹ ਦੀ ਕਵਿਤਾ ਨਾ ਪੜੋ

ਮਾਰੇ ਜਾਓਗੇ |

ਦੇ ਰਿਹੈ ਕੋਈ ਧਮਕੀਆਂ ਜਾਓ

ਖੱਡੀਂ ਜਾ ਵੜੋ ਮਾਰੇ ਜਾਓਗੇ...........

ਮੈਂ ਸੁਣਿਆਂ ਇਹ ਦੇਰ ਤੱਕ

ਆਥਣ ਤੋਂ ਲੈ ਸਵੇਰ ਤੱਕ

ਝੁੰਜਲਾਇਆ, ਇੱਕ ਅੰਗੜਾਈ,

ਝੂਠਾ ਡਰਾਉਣਾ ਸੁਪਨਾ ਸੀ

ਅੱਖਾਂ ਖੋਹਲੀਆਂ

ਸੁਰਖ ਸੂਰਜ ਦਿਤਾ ਦਿਖਾਈ |

ਰਿਸ਼ਤੇ ਤੇ ਮੈਂ

ਕਿੰਨਾ ਛੋਟਾ

ਇੱਕ ਜ਼ਰਰਾ

ਵਕ਼ਤ ਦਾ ਫੜਾ

ਜਿੰਦਗੀ ਮੇਰੇ ਕੰਨ 'ਚ ਕਿਹਾ

ਜਾਹ ਸਫ਼ਰ ਤੇ ਜਾਹ

ਕੁਝ ਕਮਾਕੇ ਲਿਆ

ਮੇਰੇ ਜਿਸਮ ਦੇ ਵਸਤਰ ਦੇ ਖੀਸੇ ਵਿਚ

ਇੱਕ ਜੁਬਾਨ ਸੀ ਬਸ

ਜਿਸ ਨਾਲ ਮੈਂ ਕਮਾਇਆ ਏ

ਆਹ ਠਾਠਾਂ ਮਾਰਦਾ ਸਮੰਦਰ ਰਿਸ਼ਤਿਆਂ ਦਾ |

ਤੇ ਜਿੰਦਗੀ ਨੇ ਮੈਨੂੰ ਖੁਸ਼ ਹੋ

ਬਖਸ਼ ਦਿਤਾ ਏ ਵਕ਼ਤ ਸਦੀਆਂ ਦਾ |

ਉਹ ਵਕਤ ਮੇਰਾ ਨਹੀਂ,

ਤੇਰਾ ਹੈ, ਤੇਰਾ ਹੈ, ਤੇਰਾ.... ਤੇਰਾ....

ਗਮ ਦਾ ਵਿਆਜ਼

ਸਚ ਦੇ ਸਿਰ ਤੇ ਕੰਡਿਆਂ ਦਾ, ਮੜਿਆ ਤਾਜ਼ ਦੇਖਿਆ |

ਮੈਂ ਖੁਦਾ ਦੇ ਘਰ ਉੱਤੇ, ਕਾਫਰ ਦਾ ਰਾਜ ਦੇਖਿਆ |

ਇਥੇ ਵਿਕਦੇ ਬੁੱਤ ਨੇ, ਆਦਮ ਨਹੀਂ ਮਿਲਣਗੇ,

ਝੂਠੇ ਤਾਂ ਨਹੀਂ ਖਾਮੋਸ਼ ਨੇ, ਕਹਿੰਦਾ ਬੁੱਤ੍ਸਾਜ਼ ਦੇਖਿਆ |

ਜਿਸ ਨੇ ਸੀ ਖੰਜਰ ਮਾਰਕੇ, ਪਾੜਿਆ ਮੇਰਾ ਜਿਗਰ,

ਕੰਬਦੇ ਹਥਾਂ ਨਾਲ ਉਹ, ਕਰਦਾ ਇਲਾਜ਼ ਦੇਖਿਆ |

ਤੇਰੇ ਦਰ ਤੇ ਆਕੇ ਵੀ, ਡਰਦਾ ਖੁਸ਼ੀ ਨਹੀਂ ਮੰਗਦਾ,

ਪੈਂਦਾ ਖੁਸ਼ੀ ਦੇ ਮੂਲ ਤੇ, ਗਮ ਦਾ ਵਿਆਜ਼ ਦੇਖਿਆ |

ਚੀਖਾਂ ਚਿਖਾ ਚੋਂ ਉਠੀਆਂ, ਇਹ ਰੁਖ ਦੀਆਂ ਨੇ ਹੋਣੀਆਂ,

ਮੁਰਦਾ ਤੇ ਹਾਲੇ ਹੁਣੇ ਹੀ, ਸੀ ਮੈਂ ਬੇ-ਆਵਾਜ਼ ਦੇਖਿਆ |

ਗੀਤ

ਆਈ ਨਾ ਨਿਭਾਉਣੀ ਸਾਨੂੰ ਯਾਰੀ ਅਸੀਂ ਲਾ ਬੈਠੇ |

ਸੋਹਲ ਜਿਹੀ ਜਿੰਦੜੀ ਨੂੰ ਦੁਖਾਂ ਵਿਚ ਪਾ ਬੈਠੇ |

ਕਦੇ ਤੋਂ ਨਾਰਾਜ਼ ਹੋਇਆ ਕਦੇ ਮੈਂ ਸੀ ਰੁੱਸ ਗਿਆ,

ਮੌਸਮ ਵਸਲ ਵਾਲਾ ਇੰਝ ਸਾਥੋਂ ਖੁੱਸ ਗਿਆ,

ਧੋਖਾ ਇੱਕ ਦੂਜੇ ਤੋਂ ਨਹੀਂ ਖੁਦ ਤੋਂ ਹੀ ਖਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ.............

ਬਿਪਤਾ 'ਚ ਹਿੱਕ ਡਾਹਕੇ ਖੜਨ ਦੇ ਵਾਅਦੇ ਕੀਤੇ,

ਤੋੜ ਨਾ ਨਿਭਾਏ ਬੂਹੇ ਹਿੰਮਤ ਤੇ ਭੀੜ ਲੀਤੇ,

ਤੂੰ ਤੂੰ ਮੈਂ ਮੈਂ ਹੋਏ ਅਸੀਂ ਦੁਨੀਆਂ ਹਸਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ.............

ਆਖਦੇ ਸਿਆਣੇ ਸਚ ਵਸਦਾ ਹੈ ਰੂਹ ਨੇੜੇ,

ਅਸੀਂ ਦੋਵੇਂ ਖੜੇ ਰਹੇ ਹਉਮੈਂ ਦੇ ਖੂਹ ਨੇੜੇ,

ਤਾਹੀਓਂ ਸਾਹਵੇਂ ਇਸ਼ਕ ਦੇ ਰੁਤਬਾ ਘਟਾ ਬੈਠੇ |

ਆਈ ਨਾ ਨਿਭਾਉਣੀ ਸਾਨੂੰ..............

ਸੌਦੇ ਤਕਦੀਰਾਂ ਦੇ ਨੇ ਮਨ ਸਮਝਾਉਨੇ ਆਂ,

ਆਪਣੀਆਂ ਘਾਟਾਂ ਉੱਤੇ ਧੂੜ ਬਸ ਪਾਉਨੇ ਆਂ,

ਝੂਠਾ "ਗਿੱਲ" ਕਹੇ ਦੂਰੀ ਲੇਖਾਂ ਚ ਲਿਖ ਬੈਠੇ |

ਆਈ ਨਾ ਨਿਭਾਉਣੀ ਸਾਨੂੰ................

ਜੁਗਾੜੀ

ਜੁਗਤ ਲੜਾਈਏ ਕੋਈ, ਚੱਕਰ ਚਲਾਈਏ ਕੋਈ,

ਜੱਗ ਉੱਤੇ ਨਾਂ ਹੋਵੇ ਗੱਲਾਂ ਹੋਣ ਸਾਡੀਆਂ |

ਐਰੇ ਗੈਰੇ ਖੈਰੇ ਨੱਥੂ ਨਾਲੋਂ ਨਹੀਉਂ ਘੱਟ ਅਸੀਂ,

ਸੱਥ ਵਿੱਚ ਚਾਰ ਗੱਪੀ ਮਾਰਦੇ ਸੀ ਪਾਡੀਆਂ |

ਇੱਕ ਕਹਿੰਦਾ ਪੰਜ-ਸੱਤ ਗਾਣੇ ਲਿਖੋ ਵਿੰਗੇ-ਟੇਢੇ,

ਕੱਠੇ ਹੋਕੇ ਆਪਾਂ ਇੱਕ ਬੈਂਡ ਬਈ ਬਣਾਵਾਂਗੇ |

ਸਾਮੀ ਮੋਟੀ ਫੁਕਰੀ ਜੀ ਲੱਭ ਲਵੋ ਰਲ਼ ਮਿਲ਼

ਦੇਕੇ ਹਵਾ ਉਹਦੇ ਕੋਲੋਂ ਪੈਸੇ ਖਰਚਾਵਾਂਗੇ |

ਦੂਜਾ ਕਹਿੰਦਾ ਬੰਦਾ ਸਾਡੇ ਸਾਮ੍ਹਣੇ ਹੀ ਰਹਿੰਦਾ ਯਾਰੋ,

ਬੰਤ ਸਿਉਂ ਦਾ ਕੱਲਾ ਮੁੰਡਾ ਮਿੰਦੀ ਉਹਦਾ ਨਉਂ ਐਂ |

ਸਿਰੇ ਦਾ ਸ਼ੌਕੀਨ ਖ਼ਤ-ਖ਼ੁਤ ਕਢਵਾਕੇ ਰਖੇ

ਉਦ੍ਹੀ ‘ਝੋਟੇ-ਸਿਰ’ ਜਹੀ ਪਚਾਸੀ ਕਿੱਲੇ ਭੌਂ ਐਂ |

ਮੱਤ ਦਾ ਵੀ ਸਿਧਰਾ ਹੈ ਛੇਤੀ ਉਹਨੇ ਮੰਨ ਜਾਣਾ

ਤੀਜਾ ਕਹਿੰਦਾ ਮਿਤਰੋ ਓਏ ਦੇਰੀ ਹੁਣ ਕਰੋ ਨਾ |

ਰਹਿੰਦਾ ਖੂੰਹਦਾ ਗੀਤਾ ਵਾਲਾ ਚੱਕ ਦੂੰ ਘੜੇ ਤੋਂ ਕੌਲਾ,

ਪੜਿਆ ਹਾਂ ਪਿੰਗਲ ਮੈਂ ਇਸ ਗੱਲੋਂ ਡਰੋ ਨਾ |

ਹੈਥੇ ਰਖ ਚੌਥੇ ਕਿਹਾ ਬਣਗੀ ਜਮਾ ਈ ਗੱਲ

ਵੱਡੀ ਸਾਰੀ ਕੰਪਨੀ ਤੋਂ ਰੀਲ ਕਢਵਾ ਦਿਓ |

ਦਿੱਲੀ ਜਾਂ ਬੰਬਈ ਤੋਂ ਮੰਗਾਓ ਅਧ ਨੰਗੀ ਬੀਬੀ,

ਪੁਠੀ ਸਿਧੀ ਕਰ ਇੱਕ ਵੀਡੀਓ ਬਣਾ ਦਿਓ |

ਗੱਲਾਂ ਚ ਮਸਤ ਸਾਰੇ ਦੁਨੀਆਂ ਸੀ ਭੁੱਲੀ ਬੈਠੇ,

ਬੰਤਾ ਪਿਛੇ ਖੜਾ ਸਾਰੀ ਸੁਣਦਾ ਸੀ ਬਾਤ ਨੂੰ,

ਖਿੰਡੇ "ਗਿੱਲਾ" ਆਂਡੇ ਸ਼ੇਖਚਿਲੀਆਂ ਦੀ ਟੋਕਰੀ ਚੋਂ

ਬੁੜੇ ਜਦ ਕਿਹਾ "ਥੋਡੇ ਰਖਦਿਆਂ ਦੀ ਜਾਤ ਨੂੰ


ਸੋਚਾਂ ਦੇ ਵਹਿਣ (ਮਿੰਨੀ ਕਹਾਣੀ)

ਮੀਤੋ ਵਰਾਂਡੇ ਵਿਚ ਬੈਠੀ ਆਪਣੇ ਸੱਤ ਕੁ ਮਹੀਨਿਆਂ ਦੇ ਬੱਚੇ ਨੂੰ ਦੁਧ ਚੁੰਘਾ ਰਹੀ ਸੀ ਅਚਾਨਕ ਉਸਦੀ ਨਜ਼ਰ ਆਪਣੇ ਮੋਏ ਫੌਜੀ ਪਤੀ ਦੀ ਹਾਰ ਵਾਲੀ ਤਸਵੀਰ ਤੇ ਗਈ ਉਹ ਇੱਕ-ਟਕ ਉਸ ਵੱਲ ਦੇਖੀ ਜਾ ਰਹੀ ਸੀ ਕਿ ਬੱਚੇ ਦੀ ਚੀਖ ਨਿਕਲ ਗਈ | ਮੀਤੋ ਨੇ ਬੱਚੇ ਦੁਆਲੇ ਕਸੇ ਗਏ ਹੱਥ ਢਿੱਲੇ ਛੱਡੇ ਤੇ ਫੁੱਟ ਫੁੱਟ ਰੋ ਪਈ |

ਚਿੰਤਾ (ਮਿੰਨੀ ਕਹਾਣੀ)

ਉਸਨੇ ਅਕਸਰ ਹੀ ਆਪਣੀ ਪਤਨੀ ਨੂੰ ਇਹ ਕਿਹਾ "ਨਾ ਮੈਂ ਇੱਕਲਾ ਕੀ ਕੀ ਕਰਾਂ, ਸੱਤ ਹਜ਼ਾਰ ਨਾਲ ਕੀ ਬਣਦਾ ਹੈ ਅੱਜ ਕੱਲ | ਜਦ ਤੱਕ ਸਰਕਾਰੀ ਨੌਕਰੀ ਨਹੀਂ ਮਿਲਦੀ ਕੋਈ ਪ੍ਰਾਈਵੇਟ ਜੌਬ ਹੀ ਭਾਲ ਲਈਏ |" ਪਤਨੀ ਨੂੰ ਲਗਦਾ ਹੈ ਕਿ ਮੈਨੂੰ ਬੇਕਾਰ ਹੋਣ ਦਾ ਮਿਹਣਾ ਦਿੱਤਾ ਜਾ ਰਿਹਾ ਹੈ | ਅੱਜ ਉਸਦੀ ਬੀ.ਐਡ. ਪਤਨੀ ਨੂੰ ਸਰਕਾਰੀ ਟੀਚਰ ਦੀ ਨੌਕਰੀ ਮਿਲ ਗਈ ਹੈ, ਲਗਦੀ ਦੀ ਤਨਖਾਹ ਹੀ ਉਸਤੋਂ ਦੁੱਗਣੀ ਹੋਵੇਗੀ | ਉਸਨੇ ਪਤਨੀ ਨੂੰ ਕਿਹਾ "ਯਾਰ ਕਿਸੇ ਹੋਰ ਜ਼ਰੂਰਤਮੰਦ ਨੂੰ ਮੌਕਾ ਨਾ ਦੇਈਏ ਆਪਣਾ ਗੁਜ਼ਾਰਾ ਤਾਂ ਕਿਵੇਂ ਨਾ ਕਿਵੇਂ ਚਲ ਹੀ ਰਿਹਾ ਹੈ |" ਪਤਨੀ ਡੌਰ-ਭੌਰ ਉਸਦੇ ਵੱਲ ਤੱਕ ਰਹੀ ਹੈ |

ਪਿੱਤਲ ਦੀਆਂ ਬਾਟੀਆਂ (ਮਿੰਨੀ ਕਹਾਣੀ)

"ਸੇਠ ਜੀ ਚਾਹ ਗਲਾਸਾਂ ਦੀ ਥਾਵੇਂ ਬਾਟੀਆਂ 'ਚ ਦੇ ਦਿਆ ਕਰੋ ਛੇਤੀ ਪੀਕੇ ਕੰਮ ਤੇ ਲੱਗੀਏ" ਕੋਠੀ ਬਣਾਉਂਦੇ ਮਜਦੂਰ ਨੇ ਸੁਨਿਆਰ ਨੂੰ ਕਿਹਾ ਤਾਂ ਉਸ ਜਵਾਬ ਦਿਤਾ "ਭਲਿਆ ਮਾਨਸਾ ਸਾਡੀਆਂ ਬਾਟੀਆਂ ਤਾਂ ਤੁਹਾਡੀਆਂ ਤੀਵੀਆਂ ਟੌਰ ਨਾਲ ਕੰਨਾਂ 'ਚ ਪਾਕੇ ਲੈ ਗਈਆਂ, ਦੱਸੋ ਕਿਥੋਂ ਲਿਆ ਕੇ ਦੇਵਾਂ ਹੁਣ ਬਾਟੀਆਂ ਥੋਨੂੰ |" ਨਾਲ ਕੰਮ ਕਰਦਾ ਇੱਕ ਪਾੜਾ ਮਜ਼ਦੂਰ ਬੋਲਿਆ "ਸੇਠ ਜੀ ਹੈ ਤਾਂ ਉਹ ਤੁਹਾਡੇ ਕੋਲ ਈ ਨੇ ਫ਼ਰਕ ਐਨਾ ਕੁ ਐ ਕਿ ਰਸੋਈ ਦੀ ਥਾਂ ਬੈਂਕ ਦੇ ਲਾਕਰਾਂ 'ਚ ਨੇ |"

ਫਰਕ (ਮਿੰਨੀ ਕਹਾਣੀ)

ਜਦ ਬੜੇ ਲਾਡਾਂ ਨਾਲ ਪਾਲੀ ਇਕਲੌਤੀ ਧੀ ਬੰਤੇ ਨੂੰ ਦੱਸੇ ਵਗੈਰ ਆਪਣੇ ਸੁਪਨਿਆਂ ਦੇ ਸੌਦਾਗਰ ਨਾਲ ਰਫੂ-ਚੱਕਰ ਹੋ ਗਈ ਤਾਂ ਉਸਨੇ ਆਪਣੀ ਪਤਨੀ ਨੂੰ ਬੜੇ ਦੁਖੀ ਮਨ ਨਾਲ ਕਿਹਾ "ਸੱਚੀਂ ਧੀਆਂ ਤੇ ਪੁੱਤਾਂ 'ਚ ਕੋਈ ਫਰਕ ਨਹੀਂ ਹੁੰਦਾ |"

ਉਮੰਗ

ਆਵਾਜ਼ਾਂ ਦੇ

ਝੁਰਮਟ ਤੋਂ ਅਗਾਂਹ ਲੰਘ..

ਜਿਥੇ ਖਾਮੋਸ਼ੀ ਹੋ ਗਈ

ਜਿੰਦਗੀ ਦਾ ਢੰਗ

ਜਿਥੇ ਮੌਸਮ ਦੀ ਰੰਗੀਨੀ ਤੋਂ ਬਿਨਾਂ

ਵਿਛੇ ਨੇ ਅਣਗਿਣਤ ਰੰਗ |

ਘਾਹ ਦੀਆਂ ਤਿੜਾਂ ਦਸਦੀਆਂ

ਗੁਲਾਬ ਥੀਂ ਮਲੰਗ |

ਉਸ ਥਾਂ ਤੇ ਬਹਿਕੇ

ਕੁਝ ਬੇ-ਬੋਲ ਕਹਿਕੇ

ਮੇਰਾ ਹੱਸਣ ਨੂੰ ਦਿਲ ਕਰਦੈ

ਫਿਰ ਹਵਾਵਾਂ ਦੇ ਤਾਲ ਤੇ

ਸੂਰਜ਼ ਦੀਆਂ ਕਿਰਨਾਂ ਦੀ ਪਾਲ 'ਤੇ

ਬਿਨਾਂ ਪੈਰਾਂ ਤੋਂ

ਨੱਚਣ ਨੂੰ ਦਿਲ ਕਰਦੈ |


ਤੇਰੇ ਸ਼ਹਿਰ ਦੀ

ਅੱਥਰੀ ਹੋਈ ਹਵਾ ਹੈ ਅੱਜ ਤੇਰੇ ਸ਼ਹਿਰ ਦੀ |

ਹਰ ਸ਼ੈਅ ਬਣੀ ਖੁਦਾ ਹੈ ਅੱਜ ਤੇਰੇ ਸ਼ਹਿਰ ਦੀ |

ਤੋਲਾ ਤੋਲੇ ਤੋਲ ਤਦ ਹੀ ਮਾਸਾ ਕਰ ਦੇਵੇ,

ਅਖ ਵੀ ਬਣੀ ਬਲਾ ਹੈ ਅੱਜ ਤੇਰੇ ਸ਼ਹਿਰ ਦੀ |

ਤੇਰੀ ਤਰਫ਼ ਤੁਰਾਂ ਤਾਂ ਤੁਰਨ ਦਿੰਦੀ ਜਰਾ ਨਹੀਂ,

ਚੜਦੀ ਕੇਹੀ ਘਟਾ ਹੈ ਅੱਜ ਤੇਰੇ ਸ਼ਹਿਰ ਦੀ |

ਸੋਚਾਂ ਸੁਚੱਜੀਆਂ ਸਭੇ ਸਮਸ਼ਾਨ ਸੁੱਟੀਆਂ,

ਬਿਫਰੀ ਹੋਈ ਕਜ਼ਾ ਹੈ ਅੱਜ ਤੇਰੇ ਸ਼ਹਿਰ ਦੀ |

ਕੈਦ ਕਮਰੇ ਕੀਤੀਆਂ ਕੰਜਕਾਂ ਕੁਆਰੀਆਂ,

ਲਗਦੀ ਖਫਾ ਹਿਨਾ ਹੈ ਅੱਜ ਤੇਰੇ ਸ਼ਹਿਰ ਦੀ |

ਰਸਤੇ ਰੁਕੇ ਰੁਕੇ ਨੇ ਤੇ ਰੰਗ ਰਾਗ ਰੋਂਵਦੇ,

ਜਿੰਦਗੀ ਖਤਾ ਖਤਾ ਹੈ ਅੱਜ ਤੇਰੇ ਸ਼ਹਿਰ ਦੀ |

ਗੁਲ ਗੁਲਾਬੀ 'ਗਿੱਲ' ਗੁਲਦਸ੍ਤੇ ਗੁਆਚ ਗਏ,

ਸੁਨਸਾਨ ਜਹੀ ਸਭਾ ਹੈ ਅੱਜ ਤੇਰੇ ਸ਼ਹਿਰ ਦੀ |