Friday, October 8, 2010

ਜੁਗਾੜੀ

ਜੁਗਤ ਲੜਾਈਏ ਕੋਈ, ਚੱਕਰ ਚਲਾਈਏ ਕੋਈ,

ਜੱਗ ਉੱਤੇ ਨਾਂ ਹੋਵੇ ਗੱਲਾਂ ਹੋਣ ਸਾਡੀਆਂ |

ਐਰੇ ਗੈਰੇ ਖੈਰੇ ਨੱਥੂ ਨਾਲੋਂ ਨਹੀਉਂ ਘੱਟ ਅਸੀਂ,

ਸੱਥ ਵਿੱਚ ਚਾਰ ਗੱਪੀ ਮਾਰਦੇ ਸੀ ਪਾਡੀਆਂ |

ਇੱਕ ਕਹਿੰਦਾ ਪੰਜ-ਸੱਤ ਗਾਣੇ ਲਿਖੋ ਵਿੰਗੇ-ਟੇਢੇ,

ਕੱਠੇ ਹੋਕੇ ਆਪਾਂ ਇੱਕ ਬੈਂਡ ਬਈ ਬਣਾਵਾਂਗੇ |

ਸਾਮੀ ਮੋਟੀ ਫੁਕਰੀ ਜੀ ਲੱਭ ਲਵੋ ਰਲ਼ ਮਿਲ਼

ਦੇਕੇ ਹਵਾ ਉਹਦੇ ਕੋਲੋਂ ਪੈਸੇ ਖਰਚਾਵਾਂਗੇ |

ਦੂਜਾ ਕਹਿੰਦਾ ਬੰਦਾ ਸਾਡੇ ਸਾਮ੍ਹਣੇ ਹੀ ਰਹਿੰਦਾ ਯਾਰੋ,

ਬੰਤ ਸਿਉਂ ਦਾ ਕੱਲਾ ਮੁੰਡਾ ਮਿੰਦੀ ਉਹਦਾ ਨਉਂ ਐਂ |

ਸਿਰੇ ਦਾ ਸ਼ੌਕੀਨ ਖ਼ਤ-ਖ਼ੁਤ ਕਢਵਾਕੇ ਰਖੇ

ਉਦ੍ਹੀ ‘ਝੋਟੇ-ਸਿਰ’ ਜਹੀ ਪਚਾਸੀ ਕਿੱਲੇ ਭੌਂ ਐਂ |

ਮੱਤ ਦਾ ਵੀ ਸਿਧਰਾ ਹੈ ਛੇਤੀ ਉਹਨੇ ਮੰਨ ਜਾਣਾ

ਤੀਜਾ ਕਹਿੰਦਾ ਮਿਤਰੋ ਓਏ ਦੇਰੀ ਹੁਣ ਕਰੋ ਨਾ |

ਰਹਿੰਦਾ ਖੂੰਹਦਾ ਗੀਤਾ ਵਾਲਾ ਚੱਕ ਦੂੰ ਘੜੇ ਤੋਂ ਕੌਲਾ,

ਪੜਿਆ ਹਾਂ ਪਿੰਗਲ ਮੈਂ ਇਸ ਗੱਲੋਂ ਡਰੋ ਨਾ |

ਹੈਥੇ ਰਖ ਚੌਥੇ ਕਿਹਾ ਬਣਗੀ ਜਮਾ ਈ ਗੱਲ

ਵੱਡੀ ਸਾਰੀ ਕੰਪਨੀ ਤੋਂ ਰੀਲ ਕਢਵਾ ਦਿਓ |

ਦਿੱਲੀ ਜਾਂ ਬੰਬਈ ਤੋਂ ਮੰਗਾਓ ਅਧ ਨੰਗੀ ਬੀਬੀ,

ਪੁਠੀ ਸਿਧੀ ਕਰ ਇੱਕ ਵੀਡੀਓ ਬਣਾ ਦਿਓ |

ਗੱਲਾਂ ਚ ਮਸਤ ਸਾਰੇ ਦੁਨੀਆਂ ਸੀ ਭੁੱਲੀ ਬੈਠੇ,

ਬੰਤਾ ਪਿਛੇ ਖੜਾ ਸਾਰੀ ਸੁਣਦਾ ਸੀ ਬਾਤ ਨੂੰ,

ਖਿੰਡੇ "ਗਿੱਲਾ" ਆਂਡੇ ਸ਼ੇਖਚਿਲੀਆਂ ਦੀ ਟੋਕਰੀ ਚੋਂ

ਬੁੜੇ ਜਦ ਕਿਹਾ "ਥੋਡੇ ਰਖਦਿਆਂ ਦੀ ਜਾਤ ਨੂੰ


No comments:

Post a Comment