Wednesday, July 29, 2009

ਬੁੱਤ ਲਾਵਾਂਗੇ

ਤੇਰੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਅਸੀਂ ਲਗਾਵਾਂਗੇ

ਪਰ ਸ਼ਰਤ ਹੈ ਇਹ ਕਿ ਪਹਿਲਾਂ ਤੈਨੂੰ ਫਾਂਸੀ 'ਤੇ ਲਟਕਾਵਾਂਗੇ

ਚੂਹੇ ਸਾਡੀ ਜਨਤਾ ਪਿਆਰੀ, ਬਿੱਲੀ ਸਾਡੀ ਨੌਕਰ ਹੈ,

ਜਨਤਾ ਨੂੰ ਨੌਕਰ ਤੋਂ, ਨੌਕਰ ਕੁੱਤਿਆਂ ਤੋਂ ਮਰਵਾਵਾਂਗੇ

ਕੁਛ ਸ਼ੇਅਰਾਂ ਦੀ ਦਾਦ 'ਚ ਕਰਗੇ, ਭੇਟਾ ਉਹ ਗੁਲਦਸਤਾ ਜੋ,

ਲਿਖਣਾ ਛੱਡ ਕੇ ਸੋਚ ਰਹੇ ਹਾਂ, ਕੁੱਲੀ 'ਚ ਕਿੱਥੇ ਟਿਕਾਵਾਂਗੇ

ਭਗਤ ਸਿੰਘ ਦੀ ਸੋਚ ਮੁਤਾਬਿਕ ਜੇ ਆਜ਼ਾਦੀ ਨਹੀਂ ਮਿਲੀ,

ਨੇਤਾ ਆਖਣ ਤੁਸੀਂ ਵੀ ਮਰਜੋ, ਥੋਡੇ ਵੀ ਬੁੱਤ ਲਾਵਾਂਗੇ

ਸਿਰ ਦਿੱਤਿਆਂ ਸਿਰਦਾਰੀ ਮਿਲਦੀ ਹੈ ਤਾਂ ਸਿਰ ਦਿਓ ਲੈਕਚਰ ਨਹੀਂ,

ਸਾਨੂੰ ਤਾਂ ਮਨਜ਼ੂਰ ਅਸੀਂ ਤਾਂ ਸੇਵਕ ਹੀ ਅਖਵਾਵਾਂਗੇ

ਕਿਰਤੀ ਹਾਂ ਸਾਡੇ ਬੱਚਿਆਂ ਤੀਕਰ ਰੋਟੀ ਪੂਰੀ ਪੁਜਦੀ ਨਹੀਂ,

ਦਸਵਾਂ ਹਿੱਸਾ ਕਿਥੋਂ ਲਿਆਕੇ ਲੰਗਰਾਂ ਦੇ ਵਿੱਚ ਪਾਵਾਂਗੇ

'ਗਿੱਲਾ' ਤੇਰੀ ਲਗਦੈ ਲੱਗ ਗਈ ਨੇੜੇ ਤਾਂ ਹੀ ਸੱਚ ਲਿਖਦੈਂ,

ਸੋਹਣਾ ਮਰਸੀਆ ਤੇਰੇ ਲਈ ਕਿਸੇ ਸ਼ਾਇਰ ਤੋਂ ਲਿਖਵਾਵਾਂਗੇ

2 comments:

 1. ਝਾਂਜਰ ਮਿੱਤਰਾਂ ਦੇ ਦਰ ‘ਤੇ ਹੀ ਛਣਕਾ ਕੇ ਆਏ ਹਾਂ ।
  ਸਾਹਵੇਂ ਦੁਸ਼ਮਣਾ ਦੇ ਤਾਂ ਬੱਕਰੇ ਬੁਲਾ ਕੇ ਆਏ ਹਾਂ ।

  ਗੁੜ ਦੀ ਰੋੜੀ ਜਿਹਾ ਨਹੀਂ ਵਜੂਦ ਸਾਡਾ,ਪਿੱਪਲ ਹਾਂ ,
  ਪੱਥਰਾਂ ਵਿੱਚੋਂ ਵੀ ਆਪਣਾ ਆਪ ਉਗਾ ਕੇ ਆਏ ਹਾਂ ।

  ਮੋਢਾ ਦੇਣ ਵਾਲੇ ਚਾਰ ਬੰਦਿਆਂ ਦੀ ਨਾਂ ਪਰਵਾਹ ਸਾਨੰ,
  ਸੱਚ ਦੀਆਂ ਰਗਾਂ ਉੱਤੇ ਕਲਮ ਨੂੰ ਟਿਕਾ ਕੇ ਆਏ ਹਾਂ ।

  ਗਾਂਧੀ ਦਾ ਸੱਚ ਵੀ ਕਿੱਡਾ ਕੁ ਸੱਚ ਹੈ,ਪਰਖ ਲਵਾਂਗੇ ,
  ਸੋਚ ਨੂੰ ਤਰਕ ਦੀ ਸਾਣ ਉੱਤੇ ਘਸਾ ਕੇ ਆਏ ਹਾਂ ।

  ਜ਼ਿੱਲਤ,ਗੁਲਾਮੀ ਦੀ ਜ਼ਿੰਦਗੀ ਨਾਂ ਅਸਾਂ ਮਨਜੂਰ ਕੀਤੀ,
  ਗਲ਼ ਲਾ ਮੌਤ,ਜ਼ਿੰਦਗੀ ਦਾ ਰਾਹ ਰੁਸ਼ਨਾ ਕੇ ਆਏ ਹਾਂ ।

  ਕੈਦ ਅਸੀਂ ਸੀ ਜਾਂ ਹਕੂਮਤ, ਵਖਤ ਤੋਂ ਪੁੱਛ ਲੈਣਾ ,
  ਜੇਲੋਂ ਰੌਸ਼ਨੀ ਦਾ ਪੈਗਾਮ ਹਰ ਘਰ ਪਹੁੰਚਾ ਕੇ ਆਏ ਹਾਂ।

  ਸਾਨੂੰ ਆਸਤਕ ਸਿੱਧ ਕਰਨ ਦੀ ਕੋਸ਼ਿਸ ਨਾ ਕਰਿਓ ,
  ਰੱਬ ਦੀ ਹੋਂਦ ਦੇ ਭਰਮ ਵੀ ਅਸੀਂ ਤਾਂ ਮਿਟਾ ਕੇ ਆਏ ਹਾਂ।

  ReplyDelete
 2. Gill Sahib Sach likhde ho.Jaari rakho.Eh v tuhade sade farzan vich shamal hai.

  ReplyDelete