Sunday, April 18, 2010

ਇਨਕਲਾਬ

ਤਾਂਬਾ ਭਾਅ ਮਾਰਦੇ
ਕਣਕ ਦੀ ਵਾਢੀ ਕਰਦੇ,
ਆਪਣੇ ਹੀ
ਪਸੀਨੇ ਨਾਲ
ਗਰਮੀਂ 'ਚ ਠਰਦੇ ।
ਸੀਰੀ ਨੂੰ ਪੁਛੋ
ਸ਼ਬਦਕੋਸ਼ ਬਾਰੇ ।
ਜਾਂ
ਲੰਬੜਾਂ ਦੇ ਘਰੇ
ਗੋਹਾ ਕੂੜਾ ਕਰਦੀ,
ਭਾਨੀ ਨੂੰ
ਜੋ ਮਜ਼ਬੂਰੀਆਂ 'ਚ
ਆਪਣਾ
ਸਭ ਕੁਛ ਹਰਦੀ ।
ਲੈਅ-ਕਾਰੀ
ਕੀ ਹੁੰਦੀ ਹੈ ?
ਨਹੀਂ ਤਾਂ ਫਿਰ
ਰੋੜੀ ਕੁਟਦੇ
ਗੈਂਤੀਆਂ ਨਾਲ
ਸ਼ੜਕਾਂ ਪੁੱਟਦੇ
ਪਰਿਵਾਰਾਂ ਨੂੰ ਪੁੱਛੋ ??
ਰਿਦਮ ਦੇ ਮਾਇਨੇ ।
ਕਿਤਾਬ ਘਰਾਂ
'ਚ ਬੈਠ
ਲੋਕਾਂ ਦੀ ਗੱਲ
ਕਰਨੀ ਬੜੀ ਸੁਖੱਲੀ ਏ,
ਓਹੀ ਮਾਂ
ਜਣੇਪੇ ਦੇ ਦਰਦ ਜਾਣੇਗੀ
ਜਿਸ
ਇਹ ਪੀੜਾ ਝੱਲੀ ਏ ।
ਕਲਮਾਂ ਵਾਲਿਓ
ਅਕਲਾਂ ਵਾਲਿਓ
ਮੌਸਮ ਵਾਢੀਆਂ ਦਾ ਹੈ
ਚਲੋ ਖੇਤਾਂ ਨੂੰ ਚਲਦੇ ਹਾਂ ।
ਲਫਜ਼ੀ ਕਰਾਂਤੀ ਨੂੰ
ਪਾਸੇ ਧਰ
ਸੱਚਾ ਪਿੜ ਮੱਲਦੇ ਹਾਂ ।
ਇੰਝ ਸ਼ਾਇਦ
ਕਿਤਾਬ ਤੇ
ਲੋਕਾਈ ਦਾ
ਰਿਸ਼ਤਾ ਮਜ਼ਬੂਤ ਹੋਵੇਗਾ,
ਫਿਰ
ਖੇਤਾਂ ਦਾ ਰਾਖਾ
ਸਾਡੇ
ਬੋਲਾਂ ਨਾਲ ਖਲੋਵੇਗਾ ।
ਕਿਰਤ ਤੇ
ਅਕਲ ਦਾ ਮੇਲ
ਲੋਟੂਆਂ ਦੇ
ਨਾਸੀਂ ਧੂਆਂ
ਲਿਆ ਸਕਦੈ,
ਜਿਹੜਾ
ਅਸੀਂ ਕਿਆਸਿਐ
ਉਹ
ਇਨਕਲਾਬ ਆ ਸਕਦੈ ।
ਮੈਂ ਤਾਂ
ਲਫਜ਼ੀ ਸ਼ਕਰਖੋਰ
ਨਹੀਂ ਬਣ ਸਕਦਾ ।
ਬੇਲੀ ਹਾਕਾਂ ਮਾਰਦੇ ਨੇ
ਹੁਣ ਹੋਰ
ਨਹੀਂ ਖੜ ਸਕਦਾ ।
ਨਾਲ ਆਉਣੈਂ ???
ਤੁਸੀਂ ਵੀ ਆ ਸਕਦੇ ਹੋ
ਨਹੀਂ ਤਾਂ ਇਥੇ ਬੈਠੋ
ਮੇਰੀ ਕਵਿਤਾ 'ਤੇ
ਗਲਤੀਆਂ
ਲਾ ਸਕਦੇ ਹੋ ।
(8th April 2010)

No comments:

Post a Comment