Saturday, April 10, 2010

ਮਾਏ ਨੀ ਮੈਂ ਹੀਰ ਕਸੋਹਣੀ (ਗੀਤ)

ਮਾਏ ਨੀ ਮੈਂ ਹੀਰ ਕਸੋਹਣੀ, ਵਰ ਢੂੰਡਣ ਚੱਲੀ ਸਾਂ ਰਾਂਝਾ |
ਤਨ ਦੀ ਚਾਦਰ ਅੱਧੋ-ਰਾਣੀ, ਮਨ ਮੇਰਾ ਖੁਸ਼ੀਆਂ ਤੋਂ ਵਾਂਝਾ |

ਹਰ ਬਾਬਲ ਧੀ ਵੇਚ ਰਿਹਾ ਹੈ, ਉਸ ਮਾਹੀ ਨੂੰ ਜੋ ਸੌਦਾਗਰ,
ਬਦ-ਚਲਣੀ ਹੈ ਧੀ ਦੇ ਮੂੰਹੋਂ, ਇਹ ਗੱਲ ਜੇ ਹੋ ਗਈ ਮੁਖਾਗਰ.
ਚੰਮ ਨਾਲ ਚੰਮ ਦਾ ਰਿਸ਼ਤਾ ਕੀ ਹੈ, ਇਸ ਦਾ ਕਿਥੋਂ ਸੁਣਾਂ ਜਾ............
ਮਾਏ ਨੀ ਮੈਂ ਹੀਰ ਕਸੋਹਣੀ.........

ਨਾ ਸੱਸੀ ਜਿਹਾ ਸਿਦਕ ਹੈ, ਕੋਲੇ ਨਾ ਕੋਲੇ ਨੇ ਮਿਲਖ ਜਾਗੀਰਾਂ
ਮੇਰੇ ਪੈਰੀ ਤਾਂ ਪਈਆਂ ਨੇ ਰੀਤਾਂ-ਰਸਮਾਂ ਦੀਆਂ ਜ਼ੰਜ਼ੀਰਾ,
ਤਨਹਾ ਬੈਠੀ ਸੋਚ ਰਹੀ ਹਾਂ ਕਿਸ ਨਾਲ ਕਰਾਂ ਦਰਦ ਮੈਂ ਸਾਂਝਾ.........
ਮਾਏ ਨੀ ਮੈਂ ਹੀਰ ਕਸੋਹਣੀ.........

ਖਿਆਲਾਂ ਵਿੱਚ ਮੇਰੇ ਵੀਰੇ ਮੈਨੂੰ, ਚਾਈਂ-ਚਾਈਂ ਡੋਲੀ ਚਾੜ ਰਹੇ ਨੇ,
ਲੱਗੇ ਜਿਉਂ ਉਹ ਚਕਲੇ ਦੇ ਵਿੱਚ, ਮੇਰੀ ਨੱਥ ਉਤਾਰ ਰਹੇ ਨੇ,
ਐਸੇ ਵਿਦਰੋਹੀ ਲਫ਼ਜ਼ਾਂ ਨੂੰ, ਕਿਹੜੇ ਖਾਤੇ ਦੱਸ ਉਕਰਾਂ ਜਾ................
ਮਾਏ ਨੀ ਮੈਂ ਹੀਰ ਕਸੋਹਣੀ.........

ਕੋਈ ਕਹੇ ਮੈਨੂੰ ਪੈਰ ਦੀ ਜੁੱਤੀ, ਕੋਈ ਕਹੇ ਰਾਵਣ ਸੰਗ ਸੁੱਤੀ,
ਇਨਸਾਨਾਂ ਦੀ ਇਸ ਨਗਰੀ ਵਿੱਚ, ਮੈਥੋਂ ਤਾਂ ਚੰਗੀ ਹੈ ਕੁੱਤੀ,
'ਗਿੱਲਾ' ਸਭ ਤੋਂ ਬਚਣ ਲਈ ਮੈਂ, ਕਿਹੜੀ ਨੁੱਕਰੇ ਲੁਕ ਬੈਠਾਂ ਜਾ.........
ਮਾਏ ਨੀ ਮੈਂ ਹੀਰ ਕਸੋਹਣੀ.........

ਮਾਏ ਨੀ ਮੈਂ ਹੀਰ ਕਸੋਹਣੀ, ਵਰ ਢੂੰਡਣ ਚੱਲੀ ਸਾਂ ਰਾਂਝਾ |
ਤਨ ਦੀ ਚਾਦਰ ਅੱਧੋ-ਰਾਣੀ, ਮਨ ਮੇਰਾ ਖੁਸ਼ੀਆਂ ਤੋਂ ਵਾਂਝਾ |

No comments:

Post a Comment