Thursday, April 1, 2010

ਕਵਿਤਾ

ਅਛੋਪਲੇ ਜਿਹੇ
ਜਦ ਉਹ
ਮੇਰੇ ਕੋਲ ਆ ਬਹਿੰਦੀ ਏ,
ਅਚਨਚੇਤ
ਨਜ਼ਰ ਮੇਰੀ
ਕਲਮ ਤੇ ਜਾ ਪੈਂਦੀ ਏ ।
ਬਦੋਬਦੀ
ਹੱਥ ਵਰਕ ਆ ਜਾਂਦਾ,
ਸਾਰੇ ਹੀ ਵਜ਼ੂਦ ਤੇ
ਉਨਮਾਦ ਜਿਹਾ ਛਾ ਜਾਂਦਾ ।
ਖੁਦ-ਬ-ਖੁਦ
ਵਿਛ ਜਾਂਦੀਆਂ
ਸਫੇ ਤੇ ਪਟੜੀਆਂ,
ਉੱਤੇ ਖਿਆਲ ਘੁੰਮਦੇ
ਪਾ ਪਾ ਗਲਵੱਕੜੀਆਂ ।
ਜਿੱਥੇ ਜਿੱਥੇ ਪੱਬ ਧਰਦੇ ਨੇ
ਇਬਾਰਤ ਉੱਕਰੀ ਜਾਂਦੀ ਹੈ,
ਉਹ ਮੇਰੇ ਗੋਡੇ-ਮੁੱਢ ਬੈਠੀ
ਗੁੱਝਾ ਮੁਸਕਰਾਂਦੀ ਹੈ ।
ਮੈਂ ਤੇ ਬਸ
ਉਸ ਇਬਾਰਤ ਨੂੰ
ਗੂੜੀ ਕਰ ਦਿੰਦਾ ਹਾਂ,
ਫਿਰ ਸਭੇ ਕੁਛ
ਉਸ ਦੇ ਹੱਥ ਧਰ ਦਿੰਦਾ ਹਾਂ ।
ਫਿਰ ਉਹ
ਇਬਾਰਤ 'ਚ
ਰੰਗ ਭਰ ਦਿੰਦੀ,
ਬੇਜਾਨ ਹਰਫਾਂ ਨੂੰ
ਜਿੰਦਾ ਕਰ ਦਿੰਦੀ ।
ਮੈੰ ਉਸ ਵੱਲ
ਬਿੱਟ-ਬਿੱਟ ਤਕਦਾ ਰਹਿਨਾਂ,
ਕਵਿਤਾ ਖੁਦ ਨੂੰ
ਆਪੇ ਲਿਖਦੀ ਹੈ
ਬਸ ਏਨਾ ਕਹਿਨਾਂ ।

No comments:

Post a Comment