Sunday, July 18, 2010

ਸਿਰਲੇਖ ਰਹਿਤ

ਆਪਣੀ ਜੇਬ ਤੇ ਹੱਥ ਮਾਰ
ਮੈਂ ਅਜਕਲ ਬੜਾ ਹੀ ਖਿਝਨਾ ਵਾਂ,
ਮੇਰੇ ਹਰ ਵਾਰ ਕਲਮ ਹੱਥ ਲਗਦੀ ਏ
ਨਹੇਰਨਾ ਨਹੀਂ ਮਿਲਦਾ........
ਜਿਸ ਨਾਲ ਮੈਂ ਕੁਤਰ ਸਕਾਂ
ਉਹ ਨਹੁੰ
ਜੋ ਇਨਸਾਨੀ ਪੇਟ
ਆਦਮ ਖੋਰ ਜਾਨਵਰ ਵਾਂਗ
ਭੁੱਖ ਲਈ ਪਾੜਨਾ ਨਹੀਂ ਚਾਹੁੰਦੇ....
ਜਿਨਾਂ ਪਤਾ ਲਗਾ ਲਿਆ ਹੈ ਮੁੱਲ
ਸਾਡੇ ਅੰਦਰਲੇ
ਲੋਹਾ, ਜਿੰਕ, ਤੇ ਦੋ ਤਿਹਾਈ ਪਾਣੀ ਦਾ |
ਇਸ ਕਲਮ ਦਾ ਕੀ ਕਰਾਂ ?
ਇਹ ਤੇ ਟੁੱਟ ਜਾਵੇਗੀ
ਬੇਦੋਸ਼ੇ ਨੂੰ
ਮੌਤ ਦੀ ਸਜਾ ਸੁਣਾਉਂਦੇ
ਮੁਨਸਿਫ ਦੇ ਹੱਥੋਂ ਵੀ |

-----0------

ਜਿੰਦਗੀ ਨਾ ਸੋਚ
ਮੈਂ ਤੇਰੇ ਦਰ ਤੇ ਕਦੇ
ਤਮੰਨਾਂ ਵਿਹੂਣਾ ਠੂਠਾ ਰਖਾਂਗਾ,
ਮੇਰੀ ਦੁਨੀਆਂ ਨਾ ਸੁਪਨਿਆਂ ਤੋਂ ਖਾਲੀ ਸੀ
ਨਾ ਮੁਹਬਤਾਂ ਤੋਂ ਬਾਂਝ ਹੋਈ ਹੈ
ਨਾ ਹੋ ਸਕਦੀ ਹੈ ਇਛਾਵਾਂ ਰਹਿਤ
ਹਾਲੇ ਤੇ ਪਥਰ ਨੇ, ਸੰਵੇਦਨਾਵਾਂ ਨੇ,
ਸੋਚ ਹੈ, ਨਾਹਰੇ ਨੇ, ਸਿੱਟੇ ਨੇ,
ਮਾਨਵ ਨਸਲ ਨੇ ਹਾਲੇ
ਪਾਰ ਕਰਨੇ ਕਈ ਪੜਾਅ
ਤਦ ਤੱਕ ਅਲਵਿਦਾ ਆਖਣ ਜਿੰਨੀ ਵੀ ਫੁਰਸਤ ਨਹੀਂ......

------0------

ਜਿਸ ਦਿਨ ਸਾਡੀਆਂ ਕਲਮਾਂ ਤਲਵਾਰਾਂ ਹੋ ਜਾਣਾ |
ਬੀਬਾ-ਸਾਊ ਉਸ ਦਿਨ ਹੈ ਸਰਕਾਰਾਂ ਹੋ ਜਾਣਾ |
ਮੁੱਦਤ ਹੋਈ ਗੀਟੇ ਚੁੱਕੀ ਬੱਚੇ ਜੋ ਰਹੀਆਂ,
ਸੋਚਾਂ ਨੇ ਵੀ ਯਕਦਮ ਹੈ ਮੁਟਿਆਰਾਂ ਹੋ ਜਾਣਾ |

------0-------

1 comment:

  1. " ਜੀਵੰਤ ਕਰ ਰਹੀ ਸੀ , ਜਿਸ ਜਿਸ ਛੋਹ ਰਹੀ ਸੀ
    ਬੁੱਤਾਂ ਦੇ ਸ਼ਹਿਰ ਅੰਦਰ , ਇੱਕ ਰੂਹ ਆ ਗਈ ਸੀ "
    (Ghazal collection, "Mippal De Canvas", chon)

    ReplyDelete