Tuesday, August 3, 2010

ਦਵੰਧ ਦੇ ਪਾਰ

ਇਹ ਰੌਲਾ-ਗੌਲਾ,
ਲਫਜਾਂ ਦਾ ਘਾਚ-ਘਚੋਲਾ |
ਕਦੇ ਕਦੇ ਮਨ ਖਿਝਾ ਦਿੰਦੈ,
ਮੈਨੂੰ ਮੋਨ ਹੋਣ ਦੇ ਆਹਾਰ ਲਾ ਦਿੰਦੈ |
ਤਦੇ ਮੈਂ ਖਾਮੋਸ਼ੀ ਦੇ
ਕਤਲ ਹੋਣ ਦੀ ਖਬਰ ਸੁਣਦਾਂ |
ਕਾਤਿਲ ਖਿਲਾਫ਼ ਭੁਗਤਣ ਦੀਆਂ
ਤਰਕੀਬਾਂ ਬੁਣਦਾਂ |
ਉਫ !
ਬੁਧ-ਮੱਟਾਂ ਦਾ ਉਜਾੜਾ,
ਚੁੱਪ ਆਖਰੀ ਲਮਹੇ ਟੁਟਦੀ
ਜਿਓਂ ਨੌਂ ਦਾ ਪਹਾੜਾ |
ਇਹ ਵੀ ਇਕ ਖਾਸ ਤਰਾਂ ਦੀ ਮੁਸੀਬਤ ਹੈ,
ਤਰਕੀਬਾਂ ਨਾਲ ਇਨਸਾਫ਼ ਮਿਲ ਜਾਏ ਗਨੀਮਤ ਹੈ |
ਖਾਮੋਸ਼ੀਆਂ ਵਿਚ ਆਪਣਾ ਇੱਕ ਸ਼ੋਰ ਹੁੰਦਾ ਏ,
ਮੋਨ ਲਫਜ਼ ਮੈਂ ਸੋਚਨਾ ਸਚ-ਮੁਚ ਹੀ ਟੁੰਡਾ ਏ |
ਕਿਓਂ ਬੇਕਾਰ ਦੀ ਇਹ ਪੀੜਾ ਸਹੀ ਜਾਵੇ
ਚਲ ਜਾਗਦੇ ਅਖਰਾਂ ਦੇ ਹੱਕ 'ਚ
ਇਕ ਕਵਿਤਾ ਕਹੀ ਜਾਵੇ |
-------ਇਕ਼ਬਾਲ ਗਿੱਲ ----- (03-08-2010)

No comments:

Post a Comment