Tuesday, August 3, 2010
ਬੇ-ਅਦਬ ਲੋਕ
ਮੇਜਾਂ ਤੇ ਸ਼ਰਾਬ, ਮਨਭਾਉਣਾ ਕਬਾਬ,
ਪਰੋਸਣ ਤੇ ਪਲੋਸਣ ਲਈ ਜ਼ਲਵਾਦਾਰ ਸ਼ਬਾਬ.....
ਦੋ ਦੇਸ਼ਾਂ ਦੇ ਰਾਸ਼ਟਪਤੀ ਨਵੇਂ-ਨਵੇਂ,
ਇੱਕ ਪੰਜ-ਸਿਤਾਰੇ ਵਿੱਚ ਡਿਨਰ ਸਮੇਂ :
ਦੋਵਾਂ ਪੈਗ ਉਠਾਇਆ,
ਗਿਲਾਸਾਂ ਨੂੰ ਖੜਕਾਇਆ, ਚੜਾਇਆ
ਪਹਿਲੇ ਨੇ ਫਰਮਾਇਆ :
"ਯਾਰ ਮੇਰੇ ਸਮਝ 'ਚ ਨਹੀਂ ਆਇਆ,
ਇਹ ਰਾਸ਼ਟਰਪਤੀ ਲਫਜ਼ ਕਿਸ ਕੇ ਬਣਾਇਆ ?"
ਦੂਜੇ ਨੇ ਇੱਕੋ ਸਾਹੇ ਗਿਲਾਸ ਪੀਤਾ,
ਲੈਗ-ਪੀਸ ਸੇਵਨ ਕੀਤਾ,
ਤੇ ਭੇਦ ਖੋਹਲਿਆ :
"ਇਹ ਹੈ ਰੌਸ਼ਨ ਦਿਮਾਗ ਦੀ ਕਾਢ" ਇਉਂ ਬੋਲਿਆ |
ਦੋ ਦੋ ਪੈਗ ਹੋਰ ਚੜਾਏ
ਮਟਨ 'ਤੇ ਦੰਦ ਆਜਮਾਏ
ਹੁਸਨ ਨਾਲ ਹਥ ਗਰ੍ਮਾਏ........
ਪਹਿਲੇ ਗਿਚੀ ਜਿਹੀ ਖੁਰ੍ਕੀ
ਮੁੰਹ ਵਿਚਲੀ ਲੰਘਾ ਬੁਰਕੀ
ਸੋਚ ਕੇ ਕਿਹਾ :
"ਤੇਰਾ ਉੱਤਰ ਪੂਰਾ ਨਹੀਂ ਖੋਪੜ 'ਚ ਲਿਹਾ,
ਕੱਲ ਨੂੰ ਖਤਰੇ ਦੀ ਘੰਟੀ ਵੱਜ ਗਈ,
ਗੱਦੀ ਤੇ ਮੇਰੀ ਮੋਹਤਰਮਾ ਸਜ ਗਈ.........ਫੇਰ ?
ਦੂਜੇ ਨਾ ਲਾਈ ਦੇਰ
ਗੋਦੀ 'ਚ ਬੈਠੇ ਹੁਸਨ ਦੀ ਕਰਦਾ ਮੇਰ
ਸੁਣਾ ਦਿਤਾ,
ਰਾਸ਼ਟਰਪਤੀ ਲਫਜ਼ ਨੂੰ ਰਾਸ਼ਟਰ-ਪਤਨੀ ਬਣਾ ਦਿਤਾ |
ਵੇਟਰ ਸਾਹਬ ਦੀ ਗੋਦੀਓਂ ਉਠੀ,
ਤੇ ਪੈ ਗਈ ਪੁਠੀ,
"ਨਹੀਂ ਸਰਕਾਰ ਨਹੀਂ,
ਤੁਹਾਨੂੰ ਸਾਡੀ ਬੇ-ਅਦਬੀ ਕਰਨ ਦਾ ਅਧਿਕਾਰ ਨਹੀਂ |"
ਦੋਵਾਂ ਹਾਕਮਾਂ ਨੂੰ ਹਥਾਂ ਪੈਰਾਂ ਦੀ ਪੈ ਗਈ,
ਇੱਕ ਨਾਰ ਦੋਵਾਂ ਨੂੰ ਬੇ-ਅਦਬ ਕਹਿ ਗਈ |
-----ਇਕਬਾਲ ਗਿੱਲ ------ (29-07-2010)
ਦਵੰਧ ਦੇ ਪਾਰ
ਇਹ ਰੌਲਾ-ਗੌਲਾ,
ਲਫਜਾਂ ਦਾ ਘਾਚ-ਘਚੋਲਾ |
ਕਦੇ ਕਦੇ ਮਨ ਖਿਝਾ ਦਿੰਦੈ,
ਮੈਨੂੰ ਮੋਨ ਹੋਣ ਦੇ ਆਹਾਰ ਲਾ ਦਿੰਦੈ |
ਤਦੇ ਮੈਂ ਖਾਮੋਸ਼ੀ ਦੇ
ਕਤਲ ਹੋਣ ਦੀ ਖਬਰ ਸੁਣਦਾਂ |
ਕਾਤਿਲ ਖਿਲਾਫ਼ ਭੁਗਤਣ ਦੀਆਂ
ਤਰਕੀਬਾਂ ਬੁਣਦਾਂ |
ਉਫ !
ਬੁਧ-ਮੱਟਾਂ ਦਾ ਉਜਾੜਾ,
ਚੁੱਪ ਆਖਰੀ ਲਮਹੇ ਟੁਟਦੀ
ਜਿਓਂ ਨੌਂ ਦਾ ਪਹਾੜਾ |
ਇਹ ਵੀ ਇਕ ਖਾਸ ਤਰਾਂ ਦੀ ਮੁਸੀਬਤ ਹੈ,
ਤਰਕੀਬਾਂ ਨਾਲ ਇਨਸਾਫ਼ ਮਿਲ ਜਾਏ ਗਨੀਮਤ ਹੈ |
ਖਾਮੋਸ਼ੀਆਂ ਵਿਚ ਆਪਣਾ ਇੱਕ ਸ਼ੋਰ ਹੁੰਦਾ ਏ,
ਮੋਨ ਲਫਜ਼ ਮੈਂ ਸੋਚਨਾ ਸਚ-ਮੁਚ ਹੀ ਟੁੰਡਾ ਏ |
ਕਿਓਂ ਬੇਕਾਰ ਦੀ ਇਹ ਪੀੜਾ ਸਹੀ ਜਾਵੇ
ਚਲ ਜਾਗਦੇ ਅਖਰਾਂ ਦੇ ਹੱਕ 'ਚ
ਇਕ ਕਵਿਤਾ ਕਹੀ ਜਾਵੇ |
-------ਇਕ਼ਬਾਲ ਗਿੱਲ ----- (03-08-2010)
Subscribe to:
Posts (Atom)