Wednesday, July 29, 2009

ਚਰਖਾ

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

ਪਤਾ ਨਹੀਂ ਕਦ ਟੁੱਟ ਜਾਵੇ ਮਾਹਲ ਸਾਹਾਂ ਵਾਲੀ,

ਘਸ-ਘਸ ਉਠੇ ਪਏ ਨੇ ਲੂੰ

ਪਿਆਰ ਵਾਲੀ ਡੋਰ ਨੂੰ ਮੈਂ ਵਟ ਚਾੜ ਵਫਾ ਵਾਲਾ,

ਦਿਲ ਵਾਲੇ ਫੱਟਾਂ ਵਾਲੀ ਕਸਣ ਬਣਾਇਆ ਸੀ,

ਤਿੜ ਗਏ ਨੇ ਫੱਟ ਸਾਰੇ ਢਿੱਲੀ ਪਈ ਕਸਣ ਹੋਈ,

ਖੁਸ਼ੀ ਦੀ ਰਹੀ ਨਾ ਘੂੰ-ਘੂੰ ....................

ਲਾਰਿਆਂ ਦਾ ਤੇਲ ਮੁੱਕਾ ਵਾਅਦਿਆਂ ਦੇ ਮੁੰਨੇ ਹਿੱਲੇ,

ਵਸਲ ਮਝੇਰੂ ਟੁੱਟਾ ਹਾਲੇ ਵੀ ਏ ਚੱਲੀ ਜਾਂਦਾ,

ਹੱਥੜਾ ਸਰੀਰ ਗੁੱਝ ਜਿੰਦ ਕਮਜ਼ੋਰ ਦੋਵੇਂ

ਚਲਦੇ ਕਰਨ ਚੂੰ-ਚੂੰ ......................

ਗੁੱਡੀਆਂ ਪਰੀਤ ਦੀਆਂ ਹਾਲੇ ਨਹੀਓਂ ਹੱਲੀਆਂ,

ਆਸ ਨਾਂ ਦੇ ਤੱਕਲੇ ਨੂੰ ਭਾਵੇਂ ਵਲ਼ ਪੈ ਚੱਲੇ,

ਯਾਦ ਤੇਰੀ ਵਿੱਚ 'ਗਿੱਲ' ਬੈਠੀ ਹਾਲੇ ਕੱਤੀ ਜਾਵਾਂ,

ਹੌਲੀ-ਹੌਲੀ ਤੋਰ ਏਸ ਨੂੰ..........................

ਜ਼ਿੰਦਗੀ ਦੇ ਚਰਖੇ 'ਤੇ ਤੰਦ ਪਾਵਾਂ ਬਿਰਹੋਂ ਦੇ ਮੈਂ

ਮੁਕਦੀ ਨਾ ਗ਼ਮਾਂ ਵਾਲੀ ਰੂੰ

ਬੁੱਕਲ ਦੇ ਵਿੱਚ

ਬੁੱਕਲ ਦੇ ਵਿੱਚ ਅੱਗ ਲੁਕਾਈ ਬੈਠੇ ਆਂ

ਕੀ ਪਤੈ ਉਹਨੂੰ ਕੀ ਬਣਾਈ ਬੈਠੇ ਆਂ

ਯਾਰਾਂ ਦੀ ਬਸਤੀ 'ਚੋਂ ਕਦ ਤੋਂ ਰੁਸਬਾ ਹੋ,

ਖੰਡਰਾਂ ਦੇ ਵਿੱਚ ਮਹਿਫਿਲ ਲਾਈ ਬੈਠੇ ਆਂ

ਕਹਿਣਾ ਸੀ ਜੋ ਕਹਿਣੋਂ ਪਹਿਲਾਂ ਕਹਿ ਗਿਆ ਉਹ,

ਉਹਦੇ ਦੁਖੜੇ ਸਿਰ 'ਤੇ ਚਾਈ ਬੈਠੇ ਆਂ

ਝੱਖੜ ਤਾਂ ਝੁੱਲੇ ਪਰ ਝੱਲੀ ਝੱਲ ਗਈ,

ਜਿਹੜੀ ਲੋਅ ਨਾਲ ਦਿਲ ਰੁਸ਼ਨਾਈ ਬੈਠੇ ਆਂ

ਮਿਲਣ ਦਿਨਾਂ ਨੂੰ ਧੂਹ ਕੇ ਨੇੜੇ ਕਰ ਲਾਂਗੇ,

ਜਾਗ ਦੀ ਕੁੰਡੀ ਰਾਤ ਨੂੰ ਪਾਈ ਬੈਠੇ ਆਂ

ਮਾਰ ਹੀ ਦੇਣੈ ਆਖਿਰ ਇਹ ਤਾਂ ਹੈ ਪਤਾ,

ਗੋਡਿਆਂ ਹੇਠਾਂ ਮੌਤ ਨੂੰ ਢਾਈ ਬੈਠੇ ਆਂ

'ਗਿੱਲ' ਨੇ ਦਰ ਤੇ ਪਹਿਰੇ ਸਖਤ ਬਿਠਾਏ ਸੀ

ਤੇਰੇ ਲਈ ਪਰ ਸੰਨ ਲਗਾਈ ਬੈਠੇ ਆਂ

.......................

ਆ ਜਾਵੇ ਕਿਤੇ ਤੂ ਦਿਲ ਦਿਆ ਮਹਿਰਮਾ ਵੇ,

ਤੇਰੇ ਲਈ ਸੱਜ ਚਾਈਂ-ਚਾਈਂ ਬੈਠੇ ਹਾਂ

ਕਰੀ ਨਾ ਦੇਰੀ ’ਗਿੱਲ’ ਦੇ ਹੰਝੂ ਪੁੰਝ ਜਾਈਂ,

ਤੇਰੀ ਖਾਤਿਰ ਖੁਦਾ ਰੁਸਾਈ ਬੈਠੇ ਹਾਂ

(Present by Dost Khushwant)

ਬੁੱਤ ਲਾਵਾਂਗੇ

ਤੇਰੇ ਹੱਕ ਵਿੱਚ ਜ਼ਿੰਦਾਬਾਦ ਦੇ ਨਾਅਰੇ ਅਸੀਂ ਲਗਾਵਾਂਗੇ

ਪਰ ਸ਼ਰਤ ਹੈ ਇਹ ਕਿ ਪਹਿਲਾਂ ਤੈਨੂੰ ਫਾਂਸੀ 'ਤੇ ਲਟਕਾਵਾਂਗੇ

ਚੂਹੇ ਸਾਡੀ ਜਨਤਾ ਪਿਆਰੀ, ਬਿੱਲੀ ਸਾਡੀ ਨੌਕਰ ਹੈ,

ਜਨਤਾ ਨੂੰ ਨੌਕਰ ਤੋਂ, ਨੌਕਰ ਕੁੱਤਿਆਂ ਤੋਂ ਮਰਵਾਵਾਂਗੇ

ਕੁਛ ਸ਼ੇਅਰਾਂ ਦੀ ਦਾਦ 'ਚ ਕਰਗੇ, ਭੇਟਾ ਉਹ ਗੁਲਦਸਤਾ ਜੋ,

ਲਿਖਣਾ ਛੱਡ ਕੇ ਸੋਚ ਰਹੇ ਹਾਂ, ਕੁੱਲੀ 'ਚ ਕਿੱਥੇ ਟਿਕਾਵਾਂਗੇ

ਭਗਤ ਸਿੰਘ ਦੀ ਸੋਚ ਮੁਤਾਬਿਕ ਜੇ ਆਜ਼ਾਦੀ ਨਹੀਂ ਮਿਲੀ,

ਨੇਤਾ ਆਖਣ ਤੁਸੀਂ ਵੀ ਮਰਜੋ, ਥੋਡੇ ਵੀ ਬੁੱਤ ਲਾਵਾਂਗੇ

ਸਿਰ ਦਿੱਤਿਆਂ ਸਿਰਦਾਰੀ ਮਿਲਦੀ ਹੈ ਤਾਂ ਸਿਰ ਦਿਓ ਲੈਕਚਰ ਨਹੀਂ,

ਸਾਨੂੰ ਤਾਂ ਮਨਜ਼ੂਰ ਅਸੀਂ ਤਾਂ ਸੇਵਕ ਹੀ ਅਖਵਾਵਾਂਗੇ

ਕਿਰਤੀ ਹਾਂ ਸਾਡੇ ਬੱਚਿਆਂ ਤੀਕਰ ਰੋਟੀ ਪੂਰੀ ਪੁਜਦੀ ਨਹੀਂ,

ਦਸਵਾਂ ਹਿੱਸਾ ਕਿਥੋਂ ਲਿਆਕੇ ਲੰਗਰਾਂ ਦੇ ਵਿੱਚ ਪਾਵਾਂਗੇ

'ਗਿੱਲਾ' ਤੇਰੀ ਲਗਦੈ ਲੱਗ ਗਈ ਨੇੜੇ ਤਾਂ ਹੀ ਸੱਚ ਲਿਖਦੈਂ,

ਸੋਹਣਾ ਮਰਸੀਆ ਤੇਰੇ ਲਈ ਕਿਸੇ ਸ਼ਾਇਰ ਤੋਂ ਲਿਖਵਾਵਾਂਗੇ

ਇਤਰਾਜ਼

ਨਹੀਂ ਇਤਰਾਜ਼
ਜਦ ਕੋਈ
ਕਣਕ ਨੂੰ ਸੋਨਾ ਆਖਦੈ,
ਚਲੋ ਸੋਨੇ ਦੀ ਕੀਮਤ
ਘਟਦੀ ਹੈ
ਬੁਰਕੀ ਦੀ ਕੀਮਤ
ਵਧਦੀ ਹੈ
ਨਹੀਂ ਇਤਰਾਜ਼
ਜਦ ਕੋਈ
ਲਾਰਿਆਂ ਦਾ ਚੋਗਾ
ਪਾਉਂਦਾ ਹੈ,
ਸੱਚੀ ਨਾ ਸਹੀ
ਜ਼ਿੰਦਗੀ ਲਈ
ਝੂਠੀ ਆਸ ਤਾਂ
ਬੰਨਾਉਂਦਾ ਹੈ
ਬਸ ਇਕੋ
ਸਿਰਫ ਇਕੋ
ਗੱਲ 'ਤੇ ਇਤਰਾਜ ਹੈ
ਜਦ ਕੋਈ ਆਖਦੈ
ਕਿ
ਇਹ ਲੋਕਰਾਜ ਹੈ

ਜ਼ਿੰਦਗੀ

ਮੈਂ ਨਹੀਂ ਹੋ ਸਕਦਾ

ਤੇਰੇ ਖਿਆਲਾਂ ਦੇ ਮੇਚ ਦਾ

ਤੇਰੇ

ਤਾਂ ਹੱਥ 'ਚ ਹੈ

ਖਿਆਲਾਂ ਦਾ ਕੱਦ ਘਟਾ

ਅਸ਼ਚਰਜ

ਮਾਅਨੇ ਨੇ ਜ਼ਿੰਦਗੀ ਦੇ

ਸੁਰ ਤੋਂ ਹੋ ਸ਼ੁਰੂ

ਹੋ ਗਈ ਬੰਸਰੀ,

ਬੰਸਰੀ ਬਣਕੇ ਰਹੀ

ਸੁਰਾਂ ਨੂੰ ਜਗਾ

ਮੇਰੇ ਦੇਸ਼ ਵਿੱਚ

ਵਿੱਕ ਰਿਹੈ ਇਖ਼ਲਾਕ ਮੇਰੇ ਦੇਸ਼ ਵਿੱਚ

ਹਰ ਮਾਨਸ ਗ਼ਮਨਾਕ ਮੇਰੇ ਦੇਸ਼ ਵਿੱਚ

ਮਿਲਦੀਆਂ ਤਿੰਨ ਸ਼ੈਆਂ ਹਰ ਇਕ ਰਾਹ ਉੱਤੇ,

ਨੰਗ, ਗਰੀਬੀ ਖਾਕ ਮੇਰੇ ਦੇਸ਼ ਵਿੱਚ

ਸ਼ਿਵ-ਦਿਵਾਲੇ ਦੀਆਂ ਮੂਰਤਾਂ ਦੁੱਧ ਪੀਵਣ,

ਬੰਦਾ ਕਟਦੈ ਫਾਕ ਮੇਰੇ ਦੇਸ਼ ਵਿੱਚ

ਡਿਗਰੀਆਂ ਨੂੰ ਸਾਂਭ ਕੇ ਘਰੀਂ ਟਰੰਕਾਂ ਵਿੱਚ,

ਗੱਭਰੂ ਰਲਦੇ ਚਾਕ ਮੇਰੇ ਦੇਸ਼ ਵਿੱਚ

ਕੁੱਤੀ ਚੋਰ ਨੂੰ ਦੇਖ ਕੇ ਪੂਛ ਹਿਲਾਉਂਦੀ ਹੈ,

ਐਸਾ ਹੈ ਇਤਫਾਕ ਮੇਰੇ ਦੇਸ਼ ਵਿੱਚ

ਮਦਰ ਟਰੇਸਾ ਕੋਈ ਵੀ ਹੈ ਬਣ ਸਕਦਾ,

ਐਨੇ ਰੁਲਣ ਜੁਆਕ ਮੇਰੇ ਦੇਸ਼ ਵਿੱਚ

ਰੋਟੀ ਬਾਬਤ ਚੁੱਪ ਰੱਬ ਦੇ ਬਾਰੇ 'ਗਿੱਲ'

ਮਿਲੇ ਜੁਆਬ ਪਟਾਕ ਮੇਰੇ ਦੇਸ਼ ਵਿੱਚ

ਸੱਚ

ਤੂੰ ਤੇ ਬੜਾ ਰੋਕਿਆ ਸੀ ਮੈਂ ਹੀ ਸਾਂ ਗੁਮਾਨ ਵਿੱਚ

ਤਾਹੀਂ ਅੱਜ ਕੱਲਾ-ਕੱਲਾ ਭਰੇ ਹੋਏ ਜਹਾਨ ਵਿੱਚ

ਘਰਾਂ ਵਿੱਚ ਕੈਕਟਸ ਰੱਖੇ ਨੇ ਸਜਾ ਕੇ ਲੋਕਾਂ,

ਕਿੰਨੇ ਸੋਹਣੇ ਫੁੱਲ ਹੁਣ ਖਿੜੇ ਸਮਸ਼ਾਨ ਵਿੱਚ

ਤੱਕੜੀ ਤੇ ਹੱਥ ਦੋਵੇਂ ਪਾਸਕ ਸ਼ਿਕਾਰ ਨੇ,

ਫ਼ਰਕ ਨਾ ਰੱਤੀ ਹਾਥੀ ਕਮਲ ਕਮਾਨ ਵਿੱਚ

ਖੁਸ਼-ਰੰਗ ਸ਼ਿਅਰ ਤੇ ਗ਼ਮ ਭਰੇ ਗੀਤ ਵੀ ਨੇ,

ਤੂੰ ਕੀ ਲੈਣਾ ਲੈ ਲੈ ਵੈਸੇ ਸਭ ਹੈ ਦੁਕਾਨ ਵਿੱਚ

ਮਾਨਸ ਦੀ ਜ਼ਾਤ ਇੱਕੋ ਆਖਦੇ ਜੋ ਉਹਨਾਂ ਦੇ,

ਕੱਪੜੇ ਨੇ ਦੇਵਤੇ ਦੇ ਵਸਦੈ ਸ਼ੈਤਾਨ ਵਿੱਚ

ਰਾਮ ਤੇ ਵੇਦਾਂਤੀ ਤਾਂ ਤਖਤਾਂ ਤੇ ਚੜੇ ਰਹਿਣੇ,

ਮਰ ਜਾਣੈ ਲੋਕਾਂ ਇਸ ਮਜ਼ਹਬੀ ਘਾਣ ਵਿੱਚ

ਕਾਹਤੋਂ 'ਇਕਬਾਲ' ਸੱਚ ਆਖਕੇ ਸਹੇੜ ਲਈ,

ਹੋਰ ਬਲਾ, ਪਹਿਲਾਂ ਹੀ ਨਾ ਜਾਣ ਨਾ ਪਰਾਣ ਵਿੱਚ